ਬਜ਼ੁਰਗ ਔਰਤ ਦੀ ਚਾਰ ਏਕੜ ਜ਼ਮੀਨ ’ਤੇ ਕਬਜ਼ਾ ਕਰਨ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਬਜ਼ੁਰਗ ਔਰਤ ਦੀ ਚਾਰ ਏਕੜ ਜ਼ਮੀਨ ’ਤੇ ਕਬਜ਼ਾ ਕਰਨ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਚੋਹਲਾ ਸਾਹਿਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਕਾਮਾਗਾਟਾਮਾਰੂ ਅਤੇ ਭਾਈ ਅਦਲੀ ਵੱਲੋਂ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਅਤੇ ਬਲਵਿੰਦਰ ਸਿੰਘ ਚੋਹਲਾ ਸਾਹਿਬ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦਾ ਲਗਪਗ ਢਾਈ ਘੰਟੇ ਘਰਾਓ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਬਿਰਧ ਮਾਤਾ ਬਲਬੀਰ ਕੌਰ ਪਿਛਲੇ ਲੰਮੇ ਸਮੇਂ ਤੋਂ ਆਪਣੀ ਜ਼ਮੀਨ ਠੇਕੇ ’ਤੇ ਦੇ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀ ਸੀ। ਉਨ੍ਹਾਂ ਕਿਹਾ ਕਿ ਕਥਿਤ ਸਿਆਸੀ ਸ਼ਹਿ ’ਤੇ ਧੱਕੇ ਨਾਲ ਮਾਤਾ ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਮਾਤਾ ਬਲਵੀਰ ਕੌਰ ਦੋ ਵਕਤ ਦੀ ਰੋਟੀ ਤੋਂ ਵੀ ਤੰਗ ਹੋ ਗਈ ਹੈ। ਬਿਰਧ ਮਾਤਾ ਗੁਰਦੁਆਰੇ ਵਿਚ ਸੇਵਾ ਕਰਕੇ ਉਥੋਂ ਹੀ ਪ੍ਰਸ਼ਾਦਾ ਛਕ ਕੇ ਆਪਣਾ ਜੀਵਨ ਬਤੀਤ ਕਰ ਰਹੀ ਹੈ। ਚਾਰ ਏਕੜ ਜ਼ਮੀਨ ਹੋਣ ਦੇ ਬਾਵਜੂਦ ਮਾਤਾ ਦਰ ਦਰ ਠੋਕਰਾਂ ਖਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਬਦਕਿਸਮਤੀ ਹੈ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਹਮਦਰਦ ਬਣ ਕੇ ਸੱਤਾ ਵਿਚ ਆਈ ਸੀ ਤੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਕਿਸੇ ਵੀ ਵਿਸ਼ੇਸ਼ ਵਿਅਕਤੀ ਨਾਲ ਸਾਡੀ ਸਰਕਾਰ ਬਣਨ ’ਤੇ ਕੋਈ ਧੱਕਾ ਨਹੀਂ ਹੋਵੇਗਾ, ਵੀਆਈਪੀ ਕਲਚਰ ਖ਼ਤਮ ਕੀਤਾ ਜਾਏਗਾ, ਲੋਕਾਂ ਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਏਗਾ। ਅੱਜ ਉਹੀ ਸਰਕਾਰ ਆਮ ਲੋਕਾਂ ਤੇ ਅੱਤਿਆਚਾਰ ਕਰ ਰਹੀ ਹੈ। ਮਾਤਾ ਬਲਬੀਰ ਕੌਰ ਵਰਗੀਆਂ ਕਈ ਮਾਵਾਂ ਇਨਸਾਫ ਲਈ ਧੱਕੇ ਖਾ ਰਹੀਆਂ ਹਨ। ਪ੍ਰਸ਼ਾਸਨ ਸਿਆਸੀ ਸ਼ਹਿ ’ਤੇ ਬਿਰਧ ਮਾਤਾ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਇਸ ਦੇ ਵਿਰੋਧ ਵਿਚ ਅੱਜ ਕਿਸਾਨ ਆਗੂਆਂ ਨੇ ਤਕਰੀਬਨ ਢਾਈ ਘੰਟੇ ਥਾਣਾ ਚੋਹਲਾ ਸਾਹਿਬ ਦਾ ਘਿਰਾਓ ਕੀਤਾ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿਹਾ ਕਿ ਜੇਕਰ ਜਲਦ ਤੋਂ ਜਲਦ ਬਿਰਧ ਮਾਤਾ ਨੂੰ ਇਨਸਾਫ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਏਗਾ। ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਆਪ ਸਰਕਾਰ ਹੋਵੇਗੀ। ਇਸ ਮੌਕੇ ਹਰਜਿੰਦਰ ਸਿੰਘ ਚੰਬਾ, ਗਿਆਨ ਸਿੰਘ ਚੋਹਲਾ ਖੁਰਦ, ਦਰਸ਼ਨ ਸਿੰਘ ਰੱਤੋਕੇ, ਮਨਜੀਤ ਸਿੰਘ ਕਰਮੂੰਵਾਲਾ, ਨਿਰਵੈਲ ਸਿੰਘ, ਰਣਜੀਤ ਸਿੰਘ ਧੁੰਨ, ਗੁਰਦੇਵ ਸਿੰਘ, ਬੀਬੀ ਮਨਜੀਤ ਕੌਰ ਮੋਹਨ ਪੁਰ ਆਦਿ ਆਗੂ ਹਾਜ਼ਰ ਸਨ।