ਵਿਆਹੁਤਾ ਖ਼ੁਦਕੁਸ਼ੀ ਮਾਮਲੇ 'ਚ ਸਹੁਰੇ ਤੇ ਨਨਾਣ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਗੜ੍ਹਸ਼ੰਕਰ ਥਾਣੇ ਮੂਹਰੇ ਧਰਨਾ

ਵਿਆਹੁਤਾ ਖ਼ੁਦਕੁਸ਼ੀ ਮਾਮਲੇ 'ਚ ਸਹੁਰੇ ਤੇ ਨਨਾਣ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਗੜ੍ਹਸ਼ੰਕਰ ਥਾਣੇ ਮੂਹਰੇ ਧਰਨਾ

 ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਦੇ ਵਾਰਡ ਨੰਬਰ 12 ਵਿੱਚ ਮੰਗਲਵਾਰ ਨੂੰ ਵਿਆਹੁਤਾ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿੱਚ ਸਹੁਰੇ ਅਤੇ ਨਨਾਣ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਕਾਂਗਰਸੀ ਆਗੂ ਕੁਲਵਿੰਦਰ ਬਿੱਟੂ ਅਤੇ ਸਰਿਤਾ ਸ਼ਰਮਾ ਦੀ ਅਗਵਾਈ ਹੇਠ ਗੜ੍ਹਸ਼ੰਕਰ ਥਾਣੇ ਮੂਹਰੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਕਰੀਬ ਦੋ ਘੰਟੇ ਚੱਲੇ ਇਸ ਚੱਕਾ ਜਾਮ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਲੜਕੀ ਦਾ ਸਹੁਰਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਹੈ ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਗੜ੍ਹਸ਼ੰਕਰ ਪੁਲਿਸ ਵੱਲੋਂ ਟਾਲਮਟੋਲ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸੀ ਆਗੂ ਕੁਲਵਿੰਦਰ ਬਿੱਟੂ ਅਤੇ ਸਰਿਤਾ ਸ਼ਰਮਾ ਨੇ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਪਰਿਵਾਰ ਨਾਲ ਡਟੇ ਰਹਿਣ ਦਾ ਭਰੋਸਾ ਦਿੱਤਾ। ਮੌਕੇ 'ਤੇ ਪਹੁੰਚੇ ਡੀਐੱਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ ਵੱਲੋਂ ਧਰਨਾਕਾਰੀ ਪਰਿਵਾਰਿਕ ਮੈਂਬਰਾਂ ਨੂੰ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਗ੍ਰਿਫ਼ਤਾਰੀ ਲਈ ਸਮਾਂ ਨਿਸ਼ਚਿਤ ਕਰਨ ਦੀ ਮੰਗ ਦੌਰਾਨ ਡੀਐੱਸਪੀ ਵੱਲੋਂ ਉਨ੍ਹਾਂ ਨੂੰ ਸ਼ਨੀਵਾਰ ਤੱਕ ਮੁਲਜਮਾਂ ਦੀ ਗ੍ਰਿਫਤਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜੇਕਰ ਸ਼ਨੀਵਾਰ ਤੱਕ ਮੁਲਜ਼ਮ ਗ੍ਰਿਫਤਾਰ ਨਾ ਕੀਤੇ ਗਏ ਤਾਂ ਕਾਂਤਾ ਦੇਵੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਲਾਸ਼ ਨੂੰ ਥਾਣੇ ਮੂਹਰੇ ਰੱਖ ਕੇ ਧਰਨਾ ਦੇਣਗੇ। ਜ਼ਿਕਰਯੋਗ ਹੈ ਕਿ ਕਾਂਤਾ ਦੇਵੀ ਵੱਲੋਂ ਮੰਗਲਵਾਰ ਦੁਪਹਿਰ ਆਪਣੇ ਸਹੁਰੇ ਘਰ ਵਿਖੇ ਕਮਰੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਦਾ ਕਾਰਨ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਆਪਣੇ ਦੋ ਮਹੀਨੇ ਦੇ ਬੱਚੇ ਨਾਲ ਮਿਲਣ ਤੋਂ ਰੋਕਿਆ ਗਿਆ ਦੱਸਿਆ ਜਾਂਦਾ ਹੈ। ਇਸ ਮਾਮਲੇ ਵਿੱਚ ਕਾਂਤਾ ਦੇਵੀ ਦੇ ਪਤੀ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦ ਕਿ ਸਹੁਰਾ ਅਤੇ ਨਨਾਣ ਪੁਲਿਸ ਦੇ ਹੱਥ ਨਹੀਂ ਆਏ।