27 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ ਸਮਾਗਮ

27 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ ਸਮਾਗਮ

ਸ੍ਰੀ ਅਨੰਦਪੁਰ ਸਾਹਿਬ : 20 ਤੋਂ 27 ਦਸੰਬਰ 1704 ਈ: ਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ। ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 27 ਦਸੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 10 ਤੋਂ 11 ਵਜੇ ਤਕ ਹੋਵੇਗਾ। ਇਹ ਜਾਣਕਾਰੀ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਰ ਸਾਲ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਸੰਗਤਾਂ ਸਮੁੱਚੇ ਰੂਪ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਕੱਤਰ ਹੋ ਕੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਗੁਰੂ ਪਾਤਸ਼ਾਹ ਦੀ ਯਾਦ ਵਿੱਚ ਜੁੜ ਕੇ ਮੂਲ ਮੰਤਰ, ਗੁਰਮੰਤਰ ਅਤੇ ਸ਼ਬਦ ਕੀਰਤਨ ਰਾਹੀਂ ਉਸ ਮਹਾਨ ਸਾਕੇ ਨੂੰ ਯਾਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਗਰੀਬਾਂ, ਮਜ਼ਲੂਮਾਂ, ਨਿਮਾਣੇ ਅਤੇ ਨਿਤਾਣੇ ਲੋਕਾਂ ਦੀ ਖਾਤਿਰ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਸੂਬਾ ਸਰਹਿੰਦ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਸਨ। ਉਪਰੋਕਤ ਸ਼ਹੀਦੀ ਹਫਤਾ ਮਾਨਵਤਾ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਅਸੀਂ ਸਾਰੇ, ਸਰਬੰਸਦਾਨੀ ਦਸਮੇਸ਼ ਪਿਤਾ ਦੇ ਕਰਜ਼ਦਾਰ ਹਾਂ। ਉਨ੍ਹਾਂ ਕਿਹਾ ਇਸ ਸ਼ਹੀਦੀ ਦਿਹਾੜੇ ਮੌਕੇ 'ਇਹ ਪ੍ਰਣ ਕਰੀਏ’ ਕਿ ਇਸ ਹਫਤੇ ਦੌਰਾਨ ਆਪਣੇ ਘਰਾਂ ਵਿੱਚ ਕੋਈ ਐਸਾ ਕੰਮ, ਜਿਸ ਵਿੱਚ ਨੱਚਣਾ, ਟੱਪਣਾ, ਗਾਉਣਾ, ਵਜਾਉਣਾ, ਦੀਪਮਾਲਾ ਅਤੇ ਨਸ਼ਿਆਂ ਦੀ ਵਰਤੋਂ ਵਾਲਾ ਕੋਈ ਸਮਾਗਮ ਨਾ ਕਰੀਏ। ਕਿਉਂ ਕਿ ਚੰਚਲਤਾ "ਸ਼ਹੀਦੀ" ਪ੍ਰਤੀ ਅਹਿਸਾਸ ਪੈਦਾ ਨਹੀਂ ਹੋਣ ਦਿੰਦੀ। ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਗੁ: ਸੀਸ ਗੰਜ ਸਾਹਿਬ ਵਿਖੇ ਜਪੁ ਜੀ ਸਾਹਿਬ ਦੇ ਪਾਠ ਉਪ੍ਰੰਤ ਪਿਛਲੇ ਸਾਲ ਦੇ ਅਰੰਭ ਕੀਤੇ ਹੋਏ ਸਹਿਜ ਪਾਠਾਂ ਦੇ ਭੋਗ ਵੀ ਪਾਏ ਜਾਣਗੇ। ਪਰਿਵਾਰਾਂ ਸਮੇਤ ਸ਼ਹੀਦੀ ਦਿਹਾੜੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਪਾਤਸ਼ਾਹ ਦੇ ਪਰਉਪਕਾਰਾਂ ਨੂੰ ਯਾਦ ਕਰੀਏ। ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਹਾਜ਼ਰੀ ਭਰਨਗੀਆ।