ਚਰਚਾ ਦਾ ਵਿਸ਼ਾ ਬਣੇ ਬਿਨਾਂ ਮਨਜ਼ੂਰੀ ਲੱਗੇ ਸ਼ਹਿਰ ’ਚ ‘ਯੂਨੀਪੋਲਾਂ’ ਨੂੰ ਹਟਾਉਣ ਲੱਗੀ ਨਗਰ ਕੌਂਸਲ

ਚਰਚਾ ਦਾ ਵਿਸ਼ਾ ਬਣੇ ਬਿਨਾਂ ਮਨਜ਼ੂਰੀ ਲੱਗੇ ਸ਼ਹਿਰ ’ਚ ‘ਯੂਨੀਪੋਲਾਂ’ ਨੂੰ ਹਟਾਉਣ ਲੱਗੀ ਨਗਰ ਕੌਂਸਲ

ਮਾਨਸਾ : ਮਾਨਸਾ ’ਚ ਬਿਨਾਂ ਮਨਜ਼ੂਰੀ ਲਗਾਏ ਗਏ ‘ਯੂਨੀਪੋਲ’ ਪਿਛਲੇ ਸਮੇਂ ਤੋਂ ਸ਼ਹਿਰ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਭਾਵੇਂਕਿ ਇਸ ਮਾਮਲੇ ’ਚ ਨਗਰ ਕੌਂਸਲ ਮਾਨਸਾ ਨੂੰ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਨੂੰ ਹਟਾਏ ਜਾਣ ਦਾ ਪੱਤਰ ਲਿਖਿਆ ਹੋਇਆ ਸੀ, ਪਰ ਇਹ ਫੁਰਮਾਨਾਂ ’ਤੇ ਯੂਨੀਪੋਲ ਨਾ ਹਟਾਏ ਜਾਣ ਕਾਰਨ ਇਸ ਦੀ ਖੁੰਢ ਚਰਚਾ ਸ਼ਹਿਰ ’ਚ ਚੱਲਦੀ ਆ ਰਹੀ ਸੀ। ਇੱਥੇ ਜ਼ਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਨੂੰ ਪੱਤਰ ਲਿਖਕੇ ਤੁਰੰਤ ਪ੍ਰਭਾਵ ਨਾਲ ਮਾਨਸਾ ਦੇ ਬੱਸ ਅੱਡਾ ਚੌਕ, ਤਿੰਨਕੋਣੀ, ਲੁਧਿਆਣਾ-ਸਿਰਸਾ ਮਾਰਗ ’ਤੇ ਲੱਗੇ ਵੱਡੇ ਬਿਨਾ ਮੰਨਜ਼ੂਰੀ ਇਸ਼ਤਿਹਾਰੀ ਬੋਰਡਾਂ ਨੂੰ ਹਟਾਉਣ ਸਬੰਧੀ ਆਦੇਸ਼ ਕੀਤੇ ਗਏ ਸਨ। ਨਿਯਮਾਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਮੁੱਖ ਮਾਰਗਾਂ ’ਤੇ ਕਿਸੇ ਵੀ ਰੂਪ ਵਿੱਚ ਇਹ ਇਸ਼ਤਿਹਾਰੀ ਬੋਰਡ ਨਹੀਂ ਲੱਗ ਸਕਦੇ, ਪਰ ਮਾਨਸਾ ਦੀਆਂ ਉਕਤ ਥਾਵਾਂ ’ਤੇ ਵੱਡੇ-ਵੱਡੇ ਇਸ਼ਤਿਹਾਰੀ ਬੋਰਡ ਥਾਂ-ਥਾਂ ’ਤੇ ਟੰਗੇ ਪਏ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਬੋਰਡਾਂ ਨੂੰ ਬਿਨਾਂ ਮਨਜ਼ੂਰੀ ਲਗਾਇਆ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੋਇਆ ਸੀ ਕਿ ਬਿਨਾਂ ਕਿਸੇ ਮਨਜ਼ੂਰੀ ਅਤੇ ਨਗਰ ਕੌਂਸਲ ਵੱਲੋਂ ਕੋਈ ਬਿਨਾਂ ਮਤਾ ਪਾਸ ਕੀਤੇ ਲੁਧਿਆਣਾ-ਸਿਰਸਾ ਮੁੱਖ ਮਾਰਗ, ਬੱਸ ਸਟੈਂਡ ਤੋਂ ਤਿੰਨਕੋਣੀ ਤੱਕ ਯੂਨੀ ਪੋਲ ਗੱਡ ਦਿੱਤੇ ਗਏ ਹਨ। ਉਨ੍ਹਾਂ ਪੱਤਰ ਵਿੱਚ ਕਿਹਾ ਸੀ ਕਿ ਨਗਰ ਕੌਸਲ ਇਨ੍ਹਾਂ ਬੋਰਡਾਂ ਨੂੰ ਤੁਰੰਤ ਹਟਾਏ ਜਾਂ ਇਸ ਸਬੰਧੀ ਸਪੱਸ਼ਟੀਕਰਨ ਦੇਵੇ। ਨਗਰ ਕੌਂਸਲ ਮਾਨਸਾ ਵੱਲੋਂ ਆਪਣੇ ਜਵਾਬ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਸੀ ਕਿ ਨਗਰ ਕੌਂਸਲ ਵੱਲੋਂ ਇਨ੍ਹਾਂ ਬੋਰਡਾਂ ਸਬੰਧੀ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਗਈ ਪਰ ਇਨ੍ਹਾਂ ਨੂੰ ਹਟਾਇਆ ਨਹੀਂ ਗਿਆ ਸੀ ਪਰ ਹੁਣ ਹੌਲੀ ਹੌਲੀ ਇੰਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਯੂਨੀਪੋਲ ਜੋ ਲਗਾਏ ਗਏ ਸਨ। ਇਨ੍ਹਾਂ ਨੂੰ ਲਗਾਤਾਰ ਹੁਣ ਹਟਾਇਆ ਜਾ ਰਿਹਾ ਹੈ।