ਪੰਜਾਬ ਸਰਕਾਰ ਵੱਲੋਂ ਜ਼ਲਦ ਸ਼ੁਰੂ ਕੀਤੇ ਜਾਣਗੇ ਸ਼ਾਰਟ ਟਰਮ ਕੋਰਸ

ਪੰਜਾਬ ਸਰਕਾਰ ਵੱਲੋਂ ਜ਼ਲਦ ਸ਼ੁਰੂ ਕੀਤੇ ਜਾਣਗੇ ਸ਼ਾਰਟ ਟਰਮ ਕੋਰਸ

ਬੁਢਲਾਡਾ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ. 295 ਦੇ ਬਲਾਕ ਬੋਹਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਇੱਕ ਨਿੱਜੀ ਸਵੀਟ ਹਾਊਸ ਦੇ ਹਾਲ ਵਿਖੇ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸੂਬਾ ਸਹਾਇਕ ਵਿੱਤ ਸਕੱਤਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਪ੍ਰਧਾਨ ਸਤਪਾਲ ਰਿਸ਼ੀ ਅਤੇ ਸਹਾਇਕ ਜ਼ਿਲ੍ਹਾ ਕੈਸ਼ੀਅਰ ਅਸ਼ੋਕ ਕੁਮਾਰ ਗਾਮੀਵਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਭਰਵੀਂ ਮੀਟਿੰਗ ਵਿੱਚ ਸ਼ਾਮਲ ਆਗੂਆਂ ਨੇ ਮੌਜ਼ੂਦਾ ਹਾਲਾਤਾਂ ‘ਤੇ ਵਿਚਾਰ ਵਟਾਂਦਰਾ ਕੀਤਾ। ਵੈਦ ਤਾਰਾ ਚੰਦ ਭਾਵਾ ਅਤੇ ਜ਼ਿਲ੍ਹਾ ਪ੍ਰਧਾਨ ਸਤਪਾਲ ਰਿਸ਼ੀ ਨੇ ਸੂਬਾ ਕਮੇਟੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਯਤਨਾਂ ਸਦਕਾ ਪਿੱਛਲੇ ਦਿਨੀਂ ਸੂਬਾ ਕਮੇਟੀ ਦੀ ਪੈਨਲ ਮੀਟਿੰਗ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ: ਬਲਵੀਰ ਸਿੰਘ ਨਾਲ ਚੰਡੀਗੜ੍ਹ ਵਿਖੇ ਬਹੁਤ ਹੀ ਸੁਖਾਵੇਂ ਅਤੇ ਖ਼ੁਸ਼ਗਵਾਰ ਮਾਹੌਲ ‘ਚ ਹੋਈ। ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਸਬੰਧੀ ਲਟਕਦੀ ਚਿਰੋਕਣੀ ਮੰਗ ਬਾਰੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਇਸ ਪੈਨਲ ਮੀਟਿੰਗ ‘ਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾ: ਹਤਿੰਦਰ ਕੌਰ, ਸਿਹਤ ਸਕੱਤਰ ਪੰਜਾਬ ਮਾਨਯੋਗ ਕੁਮਾਰ ਰਾਹੁਲ, ਡਾਇਰੈਕਟਰ ਆਯੁਰਵੈਦਾ ਡਾ: ਰਵੀ ਕੁਮਾਰ, ਡਿਪਟੀ ਡਾਇਰੈਕਟਰ ਡਾ: ਗਗਨਦੀਪ ਸਿੰਘ ਗਰੋਵਰ ਅਤੇ ਸਿਹਤ ਵਿਭਾਗ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁੱਖੀ ਸਾਹਿਬਾਨ ਵੀ ਮੌਜੂਦ ਰਹੇ। ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਸ਼ਾਮਲ ਵਫ਼ਦ ਵੱਲੋਂ ਸਿਹਤ ਮੰਤਰੀ ਤੇ ਅਧਿਕਾਰੀਆਂ ਨਾਲ ਵਿਸਥਾਰ ਪੂਰਵਕ ਚਰਚਾ ਕਰਦਿਆਂ ਦੱਸਿਆ ਕਿ ਮਸਲਾ ਸੂਬੇ ਦੇ ਲੱਖ ਤੋਂ ਜ਼ਿਆਦਾ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਰੁਜ਼ਗਾਰ ਅਤੇ ਸ਼ਹਿਰੀ ਸਲੱਮ ਬਸਤੀਆਂ ਅਤੇ ਪੇਂਡੂ ਖੇਤਰ ਵਿੱਚ ਵਸਦੇ ਲੋੜਵੰਦ ਲੋਕਾਂ ਦੀਆਂ ਸਿਹਤ ਸੇਵਾਵਾਂ ਨਾਲ ਵੀ ਜੁੜਿਆ ਹੋਇਆ ਹੈ। ਸਿਹਤ ਮੰਤਰੀ ਮਾਨਯੋਗ ਡਾ: ਬਲਵੀਰ ਸਿੰਘ ਵੱਲੋਂ ਮੈਡੀਕਲ ਪੈ੍ਕਟੀਸ਼ਨਰਾਂ ਦੇ ਸਿਹਤ ਸੇਵਾਵਾਂ ਦੇ ਖੇਤਰ ‘ਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਬੰਧਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਜਲਦੀ ਸਿਹਤ ਵਿਭਾਗ ਵੱਲੋਂ ਸ਼ਾਰਟ ਟਰਮ ਕੋਰਸ ਸ਼ੁਰੂ ਕਰਨ ਦਾ ਭਰੋਸਾ ਦਿਵਾਉਂਦਿਆਂ ਅਧਿਕਾਰੀਆਂ ਨੂੰ ਜਲਦੀ ਕਲਾਸਾਂ ਸ਼ੁਰੂ ਕਰਵਾਉਣ ਦੀ ਮੌਕੇ ‘ਤੇ ਹੀ ਹਦਾਇਤ ਕੀਤੀ। ਸ਼ਾਮਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਡੀ ਜਥੇਬੰਦੀ ਨੇ ਹਮੇਸ਼ਾ ਹੀ ਲੋਕ ਸੇਵਾ ਦੇ ਕਾਰਜਾਂ ਅਤੇ ਲੋਕ ਹਿੱਤਾਂ ਲਈ ਲੜਨ ਵਾਲੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਉਨ੍ਹਾਂ ਆਖਿਆਂ ਕਿ ਪਿੱਛਲੇ ਦਿਨੀਂ ਸੂਬਾ ਆਗੂਆਂ ਦੀ ਸਿਹਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨਾਲ ਹੋਈ ਮੀਟਿੰਗ ਦੌਰਾਨ ਸਾਡੇ ਮੁੱਦਿਆਂ ਨੂੰ ਗੰਭੀਰਤਾਂ ਨਾਲ ਲਿਆ ਗਿਆ ਹੈ, ਜਿਸ ਲਈ ਸਾਨੂੰ ਪੂਰਨ ਉਮੀਦ ਹੈ ਕਿ ਜਥੇਬੰਦੀ ਦਾ ਮਸਲਾ ਜਲਦੀ ਹੱਲ ਹੋ ਜਾਵੇਗਾ। ਸੂਬਾ ਪ੍ਰਧਾਨ ਨੇ ਆਖਿਆ ਕਿ ਜੇਕਰ ਸਾਡੀ ਜਥੇਬੰਦੀ ਦਾ ਮਸਲਾ ਫਿਰ ਠੰਡੇ ਬਸਤੇ ਦੇ ਵਿੱਚ ਪਾਉਂਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਮੁੜ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ।ਸਮੂਹ ਬਲਾਕ ਕਮੇਟੀ ਵੱਲੋਂ ਮਾਨਯੋਗ ਸਿਹਤ ਮੰਤਰੀ ਅਤੇ ਸਿਹਤ ਅਧਿਕਾਰੀਆਂ ਦਾ ਜਥੇਬੰਦੀ ਦੀ ਚਿਰੋਕਣੀ ਮੰਗ ‘ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਧੰਨਵਾਦ ਕਰਦਿਆਂ ਕੋਰਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਅਤੇ ਸਮੂਹ ਸੂਬਾ ਕਮੇਟੀ ਵੱਲੋਂ ਕੀਤੇ ਗਏ ਇਸ ਵੱਡਮੁੱਲੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਬਲਾਕ ਆਗੂਆਂ ਵੱਲੋਂ ਆਏ ਮਹਿਮਾਨਾਂ ਦਾ ਅਤੇ ਮੈਂਬਰ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮੇਂ ਮੀਟਿੰਗ ਵਿੱਚ ਸਕੱਤਰ ਹਰਬੰਸ ਭੀਮੜਾ, ਖ਼ਜ਼ਾਨਚੀ ਕੇਵਲ ਸਿੰਘ ਸੈਦੇਵਾਲਾ, ਚੇਅਰਮੈਨ ਕੁਲਵੰਤ ਸਿੰਘ ਅੱਕਾਂਵਾਲੀ, ਸੀਨੀਅਰ ਆਗੂ ਮੱਖਣ ਸਿੰਘ ਮਲਕੋ, ਸ਼ੁਭਾਸ਼ ਝਲਬੂਟੀ, ਹਰਕੇਸ਼ ਸਿੰਘ, ਨਿਰਮਲ ਸਿੰਘ ਮੰਡੇਰ, ਗੁਰਤੇਜ ਸਿੰਘ ਰਿਉਂਦ, ਮਾਨ ਸਿੰਘ ਚੀਮਾ, ਗੁਰਦਰਸ਼ਨ ਸਿੰਘ ਜੱਸੜ ਆਦਿ ਮੌਜੂਦ ਸਨ।