ਕਿਹੋ ਜਿਹਾ ਕੇਂਦਰੀ ਬਜਟ ਚਾਹੁੰਦੇ ਨੇ ਪੰਜਾਬ ਦੇ ਨੌਜਵਾਨ? ਸਿੱਖਿਆ ਤੇ ਰੁਜ਼ਗਾਰ ਲਈ ਸਰਕਾਰ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ?
- ਰਾਸ਼ਟਰੀ
- 30 Jan,2025

ਚੰਡੀਗੜ੍ਹ: ਦੇਸ਼ ਦਾ ਕੇਂਦਰੀ ਬਜਟ 1 ਫ਼ਰਵਰੀ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਪੂਰੇ ਦੇਸ਼ ਵਿੱਚ ਇਸ ਬਾਰੇ ਚਰਚਾ ਹੋ ਰਹੀ ਹੈ। ਵਪਾਰੀਆਂ ਤੋਂ ਲੈ ਕੇ ਆਮ ਲੋਕਾਂ ਨੂੰ ਇਸ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਵੀ ਬਜਟ ਤੋਂ ਵੱਡੀਆਂ ਉਮੀਦਾਂ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਜੋ ਸਰਕਾਰ ਨੇ ਪਿਛਲੇ ਸਾਲ ਬਜਟ ਵਿਚ ਇੰਟਰਸ਼ਿਪ ਸਕੀਮ ਸ਼ੁਰੂ ਕੀਤੀ ਕਿ ਕੰਪਨੀਆਂ ਕਾਲਜ ਦੇ ਵਿਦਿਆਰਥੀਆਂ ਨੂੰ ਇੰਟਰਸ਼ਿਪ 'ਤੇ ਲਿਆ ਕਰਨਗੀਆਂ ਤੇ 5000 ਮਹੀਨਾ ਦਿਆ ਕਰਨਗੀਆਂ।
ਇਸ ਵਿਚ ਵਾਧਾ ਕਰਨਾ ਚਾਹੀਦਾ ਹੈ। ਕਾਲਜਾਂ ਵਿਚ ਪ੍ਰੋਫ਼ੈਸਰਾਂ ਦੀ ਗਿਣਤੀ ਬਹੁਤ ਘੱਟ ਹੈ। ਤੁਸੀਂ ਪੰਜਾਬ ਯੂਨੀਵਰਸਿਟੀ ਹੀ ਵੇਖ ਲਓ, ਜਿਥੇ ਡਾ. ਮਨਮੋਹਨ ਸਿੰਘ ਨੇ ਪੜ੍ਹਾਇਆ ਹੈ, ਉਥੇ ਵੀ ਪ੍ਰੋਫ਼ੈਸਰਾਂ ਦੀ ਗਿਣਤੀ ਘੱਟ ਹੈ। ਸਿੱਖਿਆ ਦੇ ਖੇਤਰ ਵਿਚ ਸੁਧਾਰ ਕਰਨ ਦੀ ਲੋੜ ਹੈ। ਸਰਕਾਰ ਨੂੰ ਵੋਕੈਸ਼ਨਲ ਟ੍ਰੇਨਿੰਗ ਲਈ ਟ੍ਰੇਨਿੰਗ ਸੈਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਬੇਰੁਜ਼ਗਾਰੀ ਘੱਟ ਹੋਵੇ ਤੇ ਲੋਕ ਬਾਹਰ ਜਾਣ ਤੋਂ ਪਰਹੇਜ਼ ਕਰਨ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਚ ਸੁਰੱਖਿਆ ਤਾਂ ਵਧੀਆਂ ਹੈ ਪਰ ਯੂਨੀਵਰਸਿਟੀ ਵਿਚ ਬਾਹਰਲੇ ਲੋਕ ਬਹੁਤ ਘੁੰਮਦੇ ਹਨ ਉਨ੍ਹਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਹੋਸਟਲ ਵਿਚ ਰਹਿੰਦੀ ਵਿਦਿਆਰਥਣ ਨੇ ਕਿਹਾ ਕਿ ਖਾਣੇ 'ਤੇ ਦੁਬਾਰਾ ਟੈਕਸ ਲਗਾਇਆ ਜਾਂਦਾ ਹੈ।
ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਹੀ ਉਹ ਚੀਜ਼ਾਂ ਟੈਕਸ ਲੱਗ ਕੇ ਆਉਂਦੀਆਂ ਹਨ। ਵਿਦਿਆਰਥਣ ਨੇ ਕਿਹਾ ਕਿ ਬੱਚੇ ਮਿਹਨਤ ਨਾਲ ਪੜ੍ਹਦੇ ਹਨ ਪਰ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਹੁਣ ਇਸ ਬਜਟ ਤੋਂ ਸਾਰਿਆਂ ਨੂੰ ਬਹੁਤ ਉਮੀਦਾਂ ਹਨ ਕਿ ਵਿਦਿਆਰਥੀਆਂ ਲਈ ਬਜਟ ਵਿਚ ਕੀ ਖਾਸ ਹੋਵੇਗਾ। ਵਿਦਿਆਰਥੀ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਵਿਚ ਜਦੋਂ ਕੋਈ 12ਵੀਂ ਕਲਾਸ ਕਰ ਲੈਂਦਾ ਤਾਂ ਕਹਿੰਦੇ ਕਿ ਹੁਣ ਅਗਲੀ ਪੜ੍ਹਾਈ ਲਈ ਦਿੱਲੀ ਚਲੇ ਜਾਓ, ਉਥੇ ਵਧੀਆਂ ਕਾਲਜ ਹਨ। ਅਸੀਂ ਦਿੱਲੀ ਕਿਉਂ ਜਾਈਏ। ਪੰਜਾਬ ਵਿਚ ਕਿਉਂ ਨਹੀਂ ਵਧੀਆਂ ਕਾਲਜ ਖੁੱਲ੍ਹਦੇ।
ਪਿਛਲੇ ਸਮੇਂ 5-6 ਕਾਲਜ ਹੁੰਦੇ ਸਨ ਪਰ ਅੱਜ ਸਮੇਂ ਨਾਲ ਉਨ੍ਹਾਂ ਦੇ ਹਾਲਾਤ ਵਿਗੜ ਗਏ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਖ਼ਰਚਾ ਬਹੁਤ ਹੁੰਦਾ ਹੈ। ਜਿਸ ਨਾਲ ਯੂਨੀਵਰਸਿਟੀਆਂ 'ਤੇ ਕਰਜ਼ਾ ਚੜ੍ਹ ਜਾਂਦਾ, ਜਿਸ ਨਾਲ ਨੁਕਸਾਨ ਹੁੰਦਾ। ਸਰਕਾਰ ਨੂੰ ਯੂਨੀਵਰਸਿਟੀਆਂ 'ਤੇ ਪੈਸਾ ਖ਼ਰਚਣਾ ਚਾਹੀਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰੀ ਕਾਲਜ ਵਿਚ ਤਾਂ ਜ਼ਿਆਦਾ ਫ਼ੀਸਾਂ ਨਹੀਂ ਹੁੰਦੀਆਂ ਤੇ ਖਾਣਾ ਵੀ ਘੱਟ ਰੇਟ 'ਤੇ ਮਿਲ ਜਾਂਦਾ ਪਰ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਜ਼ਿਆਦਾ ਫ਼ੀਸਾਂ ਹੁੰਦੀਆਂ, ਜਿਸ ਦੀ ਵਿਦਿਆਰਥੀਆਂ 'ਤੇ ਮਾਰ ਪੈਂਦੀ ਹੈ।
Posted By:

Leave a Reply