ਐਮ ਐਲ ਏ ਮਾਣੂੰਕੇ ਵੱਲੋਂ ਜਗਰਾਉਂ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ# 33 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗਾ ਪੀਣਯੋਗ ਸ਼ੁੱਧ ਪਾਣੀ
- ਪੰਜਾਬ
- 15 Jan,2025

ਜਗਰਾਉਂ : ਜਗਰਾਉਂ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਪਾਇਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪੀਲੀਆ, ਗੈਸਟਰੋ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਵੀ ਇਸ ਬਾਰੇ ਸੂਚਿਤ ਕੀਤਾ ਹੈ। ਹਲਕਾ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨੂੰ ਜਗਰਾਉਂ ਵਾਸੀਆਂ ਦੀ ਸਿਹਤ ਦੀ ਰੱਖਿਆ ਲਈ ਪ੍ਰੋਜੈਕਟ ਤਿਆਰ ਕਰਨ ਲਈ ਕਿਹਾ ਹੈ। ਵਿਧਾਇਕਾ ਮਾਣੂੰਕੇ ਨੇ 'ਅਮਰੂਤ 2.0' ਤਹਿਤ ਪ੍ਰੋਜੈਕਟ ਤਿਆਰ ਕਰਵਾਕੇ ਪੰਜਾਬ ਸਰਕਾਰ ਅੱਗੇ ਰੱਖਿਆ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਨ ਕਰਦਿਆਂ 33 ਕਰੋੜ ਰੁਪਏ ਜਾਰੀ ਕੀਤੇ। ਮਾਣੂੰਕੇ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਟੈਂਡਰਿੰਗ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਕੰਮ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਤਹਿਤ ਅਬੋਹਰ ਬ੍ਰਾਂਚ ਅਖਾੜਾ ਨਹਿਰ ਉਪਰ 21 ਟਿਊਬਵੈਲ ਲਗਾਏ ਜਾਣਗੇ ਅਤੇ 13 ਕਿਲੋਮੀਟਰ ਲੰਮੀ ਪਾਈਪਲਾਈਨ ਰਾਹੀਂ ਜਗਰਾਉਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਮਾਣੂੰਕੇ ਨੇ ਦੱਸਿਆ ਕਿ ਪ੍ਰੋਜੈਕਟ ਦੇ ਮੁਕੰਮਲ ਹੋਣ ਵਿੱਚ ਛੇ ਮਹੀਨੇ ਲੱਗਣਗੇ ਅਤੇ ਲੋਕਾਂ ਨੂੰ ਘਰ-ਘਰ ਸ਼ੁੱਧ ਪਾਣੀ ਮਿਲੇਗਾ। ਇਹ ਪ੍ਰੋਜੈਕਟ ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਸ਼ੁਰੂ ਹੋ ਰਿਹਾ ਹੈ, ਜਿਸ ਨਾਲ ਜਗਰਾਉਂ ਵਾਸੀਆਂ ਨੂੰ ਪੀਣਯੋਗ ਸ਼ੁੱਧ ਪਾਣੀ ਮਿਲੇਗਾ ਅਤੇ ਉਹ ਭਿਆਨਕ ਬਿਮਾਰੀਆਂ ਤੋਂ ਬਚ ਜਾਣਗੇ। ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਵਰਦਾਨ ਸਾਬਿਤ ਹੋਵੇਗਾ।
Posted By:

Leave a Reply