ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਪੱਕੇ ਮੋਰਚੇ ਨੇ ਮੋਹਾਲੀ-ਚੰਡੀਗੜ੍ਹ ਮਾਰਗ 'ਤੇ ਲਾਇਆ ਧਰਨਾ, ਝੜਪ ਦੌਰਾਨ ਜ਼ਬਤ ਕੀਤੇ ਵਾਹਨ ਮੰਗ ਰਹੇ ਵਾਪਸ
- ਪੰਜਾਬ
- 08 Jan,2025

ਮੋਹਾਲੀ : ਬੀਤੇ ਦਿਨ ਹੋਈ ਖ਼ੂਨੀ ਝੜਪ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਪੱਕੇ ਮੋਰਚੇ ਨੇ ਵਾਈਪੀਐੱਸ ਚੌਕ ਨੇੜੇ ਮੋਹਾਲੀ-ਚੰਡੀਗੜ੍ਹ ਮਾਰਗ 'ਤੇ ਸੜਕ ਬਲਾਕ ਕਰ ਕੇ ਧਰਨਾ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਇਕ ਪਾਸੇ ਮੋਰਚੇ ਵੱਲੋਂ ਪੱਕਾ ਕਬਜ਼ਾ ਕੀਤਾ ਹੋਇਆਂ ਹੈ। ਜਦ ਦੂਜਾ ਪਾਸਾ ਮਾਣਯੋਗ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਥੋੜ੍ਹਾ ਸਮਾਂ ਪਹਿਲਾਂ ਹੀ ਖੋਲ੍ਹਿਆ ਗਿਆ ਸੀ, ਜਿਸ 'ਤੇ ਮੋਰਚੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਬੀਤੇ ਦਿਨ ਪੁਲਿਸ ਨਾਲ ਹੋਈ ਝੜਪ ਦੌਰਾਨ ਉਨ੍ਹਾਂ ਦੀਆਂ ਦੋ ਗੱਡੀਆਂ, ਇਕ ਟਰੈਕਟਰ ਅਤੇ ਨਿਹੰਗ ਸਿੰਘਾਂ ਦੇ ਸ਼ਸਤਰ ਪੁਲਿਸ ਵੱਲੋਂ ਜ਼ਬਤ ਕਰ ਲਏ ਗਏ ਸਨ। ਹੁਣ ਧਰਨਾਕਾਰੀ ਇਹ ਸਭ ਵਾਪਸ ਕਰਨ ਦੀ ਮੰਗ ਕਰ ਰਹੇ ਹਨ। ਧਰਨਾਕਾਰੀ ਗੁਰਲਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਪੁਲਿਸ ਵੱਲੋਂ ਇਕ ਮਹਿੰਦਰਾ ਪਿਕਅਪ, ਇਕ ਟਾਟਾ 407, ਇਕ ਸਵਰਾਜ ਟਰੈਕਟਰ ਅਤੇ ਨਿਹੰਗ ਸਿੰਘਾਂ ਦੇ ਪੰਜਾਹ ਦੇ ਕਰੀਬ ਸ਼ਸਤਰ ਆਪਣੇ ਕਬਜ਼ੇ ਵਿਚ ਰੱਖੇ ਹੋਏ ਹਨ। ਹੁਣ ਜਦ ਤੱਕ ਉਨਾਂ ਦੀ ਗੱਡੀਆਂ ਅਤੇ ਹੋਰ ਸਮਾਨ ਵਾਪਸ ਨਹੀ ਕੀਤਾ ਜਾਂਦਾ ਉਸ ਸਮੇਂ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਸਬੰਧੀ ਥਾਣਾ 36 ਚੰਡੀਗੜ੍ਹ ਦੇ ਐੱਸਐੱਚਓ ਗੁਰਜੀਵਨ ਸਿੰਘ ਚਾਹਲ ਨੇ ਦੱਸਿਆਂ ਕਿ ਪੁਲਿਸ ਵੱਲੋਂ ਕਬਜ਼ੇ ਵਿਚ ਕੀਤੀਆਂ ਗੱਡੀਆਂ ਨੂੰ ਛੱਡਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਪੱਕੇ ਮੋਰਚੇ ਅਤੇ ਐੱਸਐੱਸਪੀ ਚੰਡੀਗੜ੍ਹ 'ਚ ਮੀਟਿੰਗ ਕਰਵਾਈ ਜਾ ਰਹੀ ਹੈ। ਇਸ ਮੀਟਿੰਗ ਵਿਚ ਲਏ ਗਏ ਫ਼ੈਸਲੇ ਤੋਂ ਬਾਅਦ ਹੀ ਕੋਈ ਨਤੀਜਾ ਨਿਕਲ ਕੇ ਸਾਹਮਣੇ ਆ ਸਕਦਾ ਹੈ॥
Posted By:

Leave a Reply