ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੱਟੀ ’ਚ ਕਰਵਾਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ
- ਪੰਜਾਬ
- 01 Feb,2025

ਪੱਟੀ : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਦੱਸਵੀਂ, ਬਾਰਵੀਂ ਅਤੇ ਸਕੂਲ ਦੇ ਸਮੂਹ ਬੱਚਿਆਂ ਦੇ ਪੇਪਰਾਂ ਦੀ ਸਫ਼ਲਤਾ ਲਈ ਸਕੂਲ ਵਿਚ ਸੁਭਾਇਮਾਨ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਜਿਸ ਵਿਚ ਬੱਚਿਆਂ ਵੱਲੋਂ ਸੰਗਤੀ ਰੂਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ ਸੰਗੀਤ ਅਧਿਆਪਕ ਬਹਾਲ ਸਿੰਘ, ਹਰਪ੍ਰੀਤ ਕੌਰ ਅਤੇ ਬੱਚਿਆਂ ਨੇ ਗੁਰੂ ਦੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤ ਨੂੰ ਮੰਤਰ ਮੁਗਧ ਕੀਤਾ।
ਸਕੂਲ ਦੇ ਬੱਚਿਆਂ ਵੱਲੋਂ ਲੰਗਰ ਲਈ ਹਰੇਕ ਪੱਖ ਤੋਂ ਵੱਧ ਤੋਂ ਵੱਧ ਸਹਿਯੋਗ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਨੇ ਇਸ ਗੁਰਮਤਿ ਸਮਾਗਮ ਨੂੰ ਸੰਪੂਰਨ ਕਰਨ ਵਿਚ ਅਧਿਆਪਕ, ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਨਿਭਾਏ ਰੋਲ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਸੀ ਪਿਆਰ, ਇਤਫਾਕ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਵੱਲੋਂ ਜਿਸ ਤਰ੍ਹਾਂ ਪਹਿਲਾਂ ਵੀ ਆਪਣੀ ਮਿਹਨਤ ਦੇ ਰਾਹੀਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਵਿੱਦਿਅਕ ਖੇਤਰ ਵਿਚ ਬਹੁਤ ਮੱਲਾਂ ਹਰ ਸਾਲ ਮਾਰੀਆਂ ਜਾਂਦੀਆਂ ਰਹੀਆਂ ਹਨ। ਸੋ ਆਸ ਹੈ ਕਿ ਵਿਦਿਆਰਥੀ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰਕੇ ਇਸ ਸਾਲ ਵੀ ਸਕੂਲ, ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨ ਦਾ ਨਾਮ ਜ਼ਰੂਰ ਰੌਸ਼ਨ ਕਰਨਗੇ।
ਸਕੂਲ ਦੇ ਮੈਂਬਰ ਇੰਚਾਰਜ਼ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਅਤੇ ਸਰਬਜੀਤ ਸਿੰਘ ਵੱਲੋਂ ਬੱਚਿਆਂ ਦੇ ਪੇਪਰਾਂ ਦੀ ਸਫ਼ਲਤਾ ਲਈ ਗੁਰੂ ਸਾਹਿਬ ਅੱਗੇ ਸੱਚੇ ਮਨ ਨਾਲ ਅਰਦਾਸ ਕਰਦਿਆਂ ਕਿਹਾ ਗਿਆ ਹਰੇਕ ਬੱਚੇ ਦੀ ਸਫਲਤਾ ਪਿੱਛੇ ਜਿੱਥੇ ਯੋਗ ਅਧਿਆਪਕ ਦਾ ਹੱਥ ਹੁੰਦਾ ਹੈ, ਉੱਥੇ ਵਿਦਿਆਰਥੀ ਦੀ ਆਪਣੀ ਕੀਤੀ ਮਿਹਨਤ ਵੀ ਬਹੁਤ ਵੱਡਾ ਰੋਲ ਨਿਭਾਉਂਦੀ ਹੈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਅਧਿਆਪਕ ਪਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ, ਜਗਜੀਤ ਸਿੰਘ, ਰਜਵੰਤ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Posted By:

Leave a Reply