ਜਲੰਧਰ 'ਚ ਦਲ ਖ਼ਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਣਤੰਤਰ ਦਿਵਸ ਦੇ ਵਿਰੋਧ ਕੀਤਾ ਰੋਸ ਪ੍ਰਦਰਸ਼ਨ

ਜਲੰਧਰ 'ਚ ਦਲ ਖ਼ਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਣਤੰਤਰ ਦਿਵਸ ਦੇ ਵਿਰੋਧ ਕੀਤਾ ਰੋਸ ਪ੍ਰਦਰਸ਼ਨ

ਜਲੰਧਰ : ਜਲੰਧਰ ਵਿੱਚ ਦਲ ਖ਼ਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤੀ ਗਣਤੰਤਰ ਦਿਵਸ ਦੇ ਵਿਰੋਧ ਵਿਚ ਗੁਰਦਵਾਰਾ ਨੌਵੀਂ ਪਾਤਸ਼ਾਹੀ, ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਰੋਸ ਮਾਰਚ ਆਰੰਭ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਲੰਧਰ, ਮਾਨਸਾ ਅਤੇ ਗੁਰਦਾਸਪੁਰ ਵਿਚ ਰੋਸ ਮਾਰਚ ਉਲੀਕੇ ਗਏ ਸੀ ਜਿਸ ਨੂੰ ਸਰਕਾਰ ਵੱਲੋਂ ਰੋਕਣ ਲਈ ਦਲ ਖ਼ਾਲਸਾ ਨਾਲ ਸੰਬਧਿਤ ਤਕਰੀਬਨ ਦਰਜਨ ਆਗੂ ਜਿੰਨਾ ਵਿਚ ਕੰਵਰਪਾਲ ਸਿੰਘ, ਹਰਦੀਪ ਸਿੰਘ ਮਹਿਰਾਜ (ਮੀਤ ਪ੍ਰਧਾਨ ਦਲ ਖ਼ਾਲਸਾ),ਦਿਲਬਾਗ ਸਿੰਘ (ਗੁਰਦਾਸਪੁਰ ਜ਼ਿਲ੍ਹਾ ਜਥੇਦਾਰ), ਰਾਜਵਿੰਦਰ ਸਿੰਘ( ਜ਼ਿਲ੍ਹਾ ਜਥੇਦਾਰ ਮਾਨਸਾ), ਗਰਵਿੰਦਰ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਖੁੱਡਾ ਆਦਿ ਸ਼ਾਮਲ ਹਨ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ ਹੈ। ਇਹਨਾਂ ਰੁਕਾਵਟਾਂ ਦੇ ਬਾਵਜੂਦ ਵੀ ਜਲੰਧਰ ਵਿਖੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 7 ਦਹਾਕਿਆਂ ਤੋਂ ਭਾਰਤੀ ਜਮਹੂਰੀਅਤ ਸਿੱਖਾਂ ਦਾ ਲਹੂ ਪੀ ਰਹੀ ਹੈ। ਫਿਰ ਇਹ ਸਰਕਾਰਾਂ ਕਿਸ ਖੁਸ਼ੀ ਇਚ 26 ਜਨਵਰੀ ਨੂੰ ਕਾਹਦੇ ਜਸ਼ਨ ਮਨਾ ਰਹੀਆਂ ਹਨ। ਉਹਨਾਂ ਕਿਹਾ ਕਿ ਭਾਰਤੀ ਜਮਹੂਰੀਅਤ ਦਾ ਗੈਰ-ਜਮਹੂਰੀ ਚੇਹਰਾ ਇਹ ਹੈ ਕਿ ਝੂਠੇ ਪੁਲਿਸ ਮੁਕਾਬਲੇ,ਟਾਰਗੇਟ ਕਿਲਿੰਗ,ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਰੋਸ ਮਾਰਚ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਕੋਦਰ ਚੋਂਕ ਵਿੱਚ ਸਮਾਪਤ ਹੋਵੇਗਾ।