ਕਿਸਾਨ ਆਗੂ ਡੱਲੇਵਾਲ ਦੇ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ

ਕਿਸਾਨ ਆਗੂ ਡੱਲੇਵਾਲ ਦੇ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ

ਚੰਡੀਗੜ੍ਹ : ਖਨੌਰੀ ਬਾਰਡਰ ‘ਤੇ 58 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ।ਅੱਜ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਿਆ ਗਿਆ ਅਤੇ ਡੱਲੇਵਾਲ ਦੀ ਸਿਹਤ ਸੰਬੰਧੀ ਮੈਡੀਕਲ ਰਿਪੋਰਟ ਵੀ ਪੇਸ਼ ਕੀਤੀ ਗਈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ ਦੇ ਅੰਤ ‘ਚ ਹੋਵੇਗੀ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ “ਡੱਲੇਵਾਲ ਨੂੰ ਅੰਦੋਲਨ ਵਾਲੀ ਥਾਂ ਨੇੜੇ ਬਣੇ ਅਸਥਾਈ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। 18 ਜਨਵਰੀ ਨੂੰ ਕੇਂਦਰ ਨੇ ਆਪਣੇ ਨੁਮਾਇੰਦੇ ਭੇਜੇ ਸਨ। ਉਨ੍ਹਾਂ ਨੇ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਤੈਅ ਕੀਤੀ ਹੈ। ਇਸ ਤੋਂ ਬਾਅਦ ਡੱਲੇਵਾਲ ਅਤੇ ਹੋਰ ਕਿਸਾਨਾਂ ਨੇ ਵੀ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ। ਡਾਕਟਰੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ।
ਇਸ ਤੋਂ ਬਾਅਦ ਜਸਟਿਸ ਕਾਂਤ ਨੇ ਕਿਹਾ- “ਸਾਨੂੰ ਉਮੀਦ ਹੈ ਕਿ ਡੱਲੇਵਾਲ ਆਪਣੀ ਸਿਹਤ ਦਾ ਖਿਆਲ ਰੱਖਣਗੇ। ਡੱਲੇਵਾਲ ਨੇ 14 ਫਰਵਰੀ ਨੂੰ ਹੋਣ ਵਾਲੀ ਬੈਠਕ ਵਿੱਚ ਹਿੱਸਾ ਲੈਣ ਲਈ ਸਹਿਮਤੀ ਜਤਾਈ ਹੈ। ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਹੋਰ ਕਿਸਾਨ ਆਗੂਆਂ ਨੇ ਵੀ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ। ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਡੱਲੇਵਾਲ ਦੀ ਸਿਹਤ ਰਿਪੋਰਟ ‘ਤੇ ਅੰਤ ‘ਚ ਜਸਟਿਸ ਕਾਂਤ ਨੇ ਇਕ ਸਖਤ ਟਿਪਣੀ ਵੀ ਕੀਤੀ। ਉਨ੍ਹਾਂ ਕਿਹਾ- “ਜਿਸ ਲਾਈਨ ਵਿੱਚ ਡੱਲੇਵਾਲ ਦੇ ਖਤਰੇ ਤੋਂ ਬਾਹਰ ਹੋਣ ਦੀ ਗੱਲ ਕਹੀ ਗਈ ਹੈ, ਉਸ ਨੂੰ ਹਟਾ ਦੇਣਾ ਚਾਹੀਦਾ ਹੈ।”ਬਸ ਇੰਨਾ ਕਹਿਣਾ ਹੀ ਸਹੀ ਹੋਵੇਗਾ ਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ।