ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦਾ ਸਾਢੇ 12 ਪ੍ਰਤੀਸ਼ਤ ਕੋਟਾ ਬਹਾਲ ਕਰਵਾ ਕੇ ਰਹਾਂਗੇ : ਸਹੋਤਾ

ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦਾ ਸਾਢੇ 12 ਪ੍ਰਤੀਸ਼ਤ ਕੋਟਾ ਬਹਾਲ ਕਰਵਾ ਕੇ ਰਹਾਂਗੇ : ਸਹੋਤਾ

ਮਜੀਠਾ: ਬਸਪਾ ਅੰਬੇਡਕਰ ਪਾਰਟੀ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਮਜੀਠਾ ਵਿਖੇ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਲਜੀਤ ਸਹੋਤਾ ਨੇ ਕਿਹਾ ਕਿ ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂ ਸਬ ਡਵੀਜ਼ਨ ਮਜੀਠਾ ਦੇ ਐੱਸਡੀਐੱਮ ਰਾਹੀ ਮੰਗ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਸੁਪਰੀਮ ਕੋਰਟ ਵਲੋਂ ਐੱਸਸੀਐੱਸਟੀ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦਾ ਜੋ ਫੈਂਸਲਾ ਆਇਆ ਸੀ, ਉਸ ਨੂੰ ਲਾਗੂ ਕਰਵਾਉਣ ਲਈ ਬਸਪਾ ਅੰਬੇਡਕਰ ਪਾਰਟੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਐੱਸਡੀਐੱਮ ਰਾਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਸਪਾ ਅੰਬਡੇਕਰ ਪਾਰਟੀ ਪਿਛਲੇ ਲੰਮੇਂ ਸਮੇਂ ਤੋਂ ਸਮਾਜ ਦੇ ਲੋਕਾਂ ਨੂੰ ਬਣਦੇ ਹੱਕ ਦਵਾਉਣ ਲਈ ਕੰਮ ਕਰ ਰਹੀ ਹੈ ਅਤੇ ਭਵਿੱਖ ਵਿਚ ਅਗਾਂਹ ਵੀ ਲੋਕਾਂ ਦੀ ਸੇਵਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੰਗ ਪੱਤਰ ਭੇਜਣ ਦਾ ਸਿਲਸਿਲਾ ਜਾਰੀ ਹੈ, ਜੇਕਰ ਫਿਰ ਵੀ ਸਰਕਾਰ ਦੇ ਸਿਰ ’ਤੇ ਜੂੰ ਨਾ ਸਰਕੀ ਤਾਂ ਬਸਪਾ ਅੰਬੇਡਕਰ ਪਾਰਟੀ ਲੋਕਾਂ ਨੂੰ ਬਣਦੇ ਹੱਕ ਦਿਵਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ , ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਨਿਸ਼ਾਨ ਸਹੋਤਾ, ਰਵੀ ਸੁਪਾਰੀਵਿੰਡ, ਦਿਲਬਾਗ ਮਜੀਠਾ, ਮੰਗਲ ਸਿੰਘ, ਖਜਾਨ ਸਿੰਘ, ਹੀਰਾ ਸਿੰਘ, ਬਾਬਾ ਸੋਨਾ, ਰਾਜੂ ਮਜੀਠਾ, ਰਾਜਾ ਨਾਗ ਕਲਾਂ, ਗੁਰਪ੍ਰੀਤ ਗਾਲੋਵਾਲੀ, ਰਾਜੇਸ ਸੁਪਾਰੀਵਿੰਡ, ਸੁੱਖਾ ਸਿੰਘ, ਬਾਉ, ਵਿਲੀਅਮ, ਮਿੰਟੂ ਸਹੋਤਾ, ਰਾਕੇਸ਼, ਪਿੰਦਾ ਆਦਿ ਹਾਜ਼ਰ ਸਨ।