ਡੀਸੀ ਸ਼ੌਕਤ ਅਹਿਮਦ ਪਰੇ ਨੂੰ ਦੂਜੀ ਵਾਰ ਮਿਲਿਆ ਨਿਗਮ ਕਮਿਸ਼ਨਰ ਦਾ ਚਾਰਜ

ਡੀਸੀ ਸ਼ੌਕਤ ਅਹਿਮਦ ਪਰੇ ਨੂੰ ਦੂਜੀ ਵਾਰ ਮਿਲਿਆ ਨਿਗਮ ਕਮਿਸ਼ਨਰ ਦਾ ਚਾਰਜ

ਬਠਿੰਡਾ : ਨਗਰ ਨਿਗਮ ਕਮਿਸ਼ਨਰ ਆਈਐੱਸਏ ਨਵਜੋਤ ਪਾਲ ਸਿੰਘ ਰੰਧਾਵਾ ਦੀ 31 ਦਸੰਬਰ ਨੂੰ ਹੋਈ ਸੇਵਾਮੁਕਤੀ ਤੋਂ ਬਾਅਦ ਖਾਲੀ ਹੋਏ ਅਹੁਦੇ ਦਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਦੂਜੀ ਵਾਰ ਵਾਧੂ ਚਾਰਜ ਦਿੱਤਾ ਗਿਆ ਹੈ। ਪਿਛਲੇ ਸਾਲ ਵੀ ਕਾਰਪੋਰੇਸ਼ਨ ਕਮਿਸ਼ਨਰ ਰਾਹੁਲ ਦੇ ਬਠਿੰਡਾ ਤੋਂ ਅੰਮ੍ਰਿਤਸਰ ਤਬਾਦਲੇ ਤੋਂ ਬਾਅਦ ਸਰਕਾਰ ਨੇ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਡੀਸੀ ਪਰੇ ਨੂੰ ਸੌਂਪਿਆ ਸੀ। ਇਸ ਕਾਰਨ ਰਾਜ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਨੂੰ ਕਮਿਸ਼ਨਰ ਵਜੋਂ ਵਾਧੂ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਵੀ ਸ਼ੌਕਤ ਅਹਿਮਦ ਪਰੇ ਨਗਰ ਨਿਗਮ ਵਿਚ ਵਾਧੂ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਵਿਭਾਗੀ ਕੰਮਕਾਜ ਨੂੰ ਬਿਹਤਰ ਬਣਾਉਣ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ। ਸ਼ੌਕਤ ਅਹਿਮਦ ਪਰੇ ਦੀ ਆਪਣੀ ਸਾਫ਼-ਸੁਥਰੀ ਛਵੀ ਅਤੇ ਲੋਕਾਂ ਨਾਲ ਮੇਲ ਜੋਲ ਅਤੇ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰਨ ਕਾਰਨ ਇਕ ਵੱਖਰੀ ਪਛਾਣ ਹੈ। ਵੀਰਵਾਰ ਨੂੰ ਸ਼ੌਕਤ ਅਹਿਮਦ ਪਰੇ ਨੇ ਨਿਗਮ ਦਫ਼ਤਰ ਵਿਖੇ ਅਹੁਦਾ ਸੰਭਾਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ, ਬਕਾਇਆ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੇ ਨਿਰਦੇਸ਼ ਜਾਰੀ ਕੀਤੇ।