ਕਾਲਖ ਸਬੰਧੀ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤਾਂ
- ਪੰਜਾਬ
- 14 Dec,2024

ਭੋਗਪੁਰ : ਸਹਿਕਾਰੀ ਖੰਡ ਮਿੱਲ ਦੀ ਚਿਮਨੀ ’ਚੋਂ ਨਿਕਲਦੀ ਕਾਲਖ ਤੇ ਧੂੰਏਂ ਦੀ ਗੰਭੀਰ ਸਮੱਸਿਆ ਸਬੰਧੀ ‘ਪੰਜਾਬੀ ਜਾਗਰਣ’ ’ਚ ਖ਼ਬਰ ਛਪਣ ਨਾਲ ਇਲਾਕੇ ਤੇ ਸ਼ਹਿਰ ਦੇ ਨਿਵਾਸੀਆਂ ’ਚ ਹਲਚਲ ਮੱਚ ਗਈ। ਇਲਾਕੇ ਦੇ ਮੋਹਤਬਰਾਂ ਨੇ ਕਾਲਖ ਦੀ ਸਮੱਸਿਆ ਨੂੰ ਲੈ ਕੇ ਖੰਡ ਮਿੱਲ ਦੇ ਐੱਮਡੀ ਨਾਲ ਮੁਲਾਕਾਤ ਕੀਤੀ। ਦੁਆਬੇ ਦੀਆਂ ਕਿਸਾਨ ਯੂਨੀਅਨਾਂ ਦੇ ਪ੍ਰਮੁੱਖ ਆਗੂਆਂ ਦੁਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਚਰਨਜੀਤ ਸਿੰਘ ਡੱਲਾ, ਹਰਿੰਦਰਪਾਲ ਸਿੰਘ ਨਰਿੰਦਰ ਸਿੰਘ ਘੋੜਾਵਾਹੀ, ਬੀਕੇਯੂ ਕਾਦੀਆ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ, ਰਣਜੀਤ ਸਿੰਘ ਰਾਣਾ, ਧੰਨਜੀਤ ਸਿੰਘ ਪੰਚਰੰਗਾ ਤੇ ਨੌਜਵਾਨ ਕਿਸਾਨ ਯੂਨੀਅਨ ਤੋਂ ਗੁਰਦੀਪ ਸਿੰਘ ਚੱਕ ਝੱਡੂ ਦੀ ਅਗਵਾਈ ’ਚ ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਤੇ ਗਨੇਸ਼ ਕੰਪਨੀ ਦੇ ਅਧਿਕਾਰੀਆਂ ਨਾਲ ਮਿੱਲ ਦੇ ਦਫ਼ਤਰ ’ਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਆਖ ਦਿੱਤਾ ਕਿ ਜੇ ਹੁਣ ਖੰਡ ਮਿੱਲ ਦੀ ਚਿਮਨੀ ’ਚੋਂ ਧੂੰਆਂ ਜਾਂ ਸੁਆਹ ਨਿਕਲਦੀ ਮਿਲੀ ਤਾਂ ਜਿਵੇਂ ਮਿੱਲ ’ਚ ਲੱਗ ਰਹੇ ਸੀਐੱਨਜੀ ਪਲਾਂਟ ਨੂੰ ਬੰਦ ਕਰਵਾਇਆ ਗਿਆ ਸੀ, ਉਸੇ ਤਰ੍ਹਾਂ ਖੰਡ ਮਿੱਲ ਵੀ ਬੰਦ ਕਰਵਾ ਦਿੱਤੀ ਜਾਵੇਗੀ। ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਵੀ ਸ੍ਰੀ ਗਨੇਸ਼ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਲ ਦੀ ਚਿਮਨੀ ’ਚੋਂ ਨਿਕਲਦਾ ਧੂੰਆਂ ਤੇ ਸੁਆਹ ਰੋਕੀ ਜਾਵੇ ਕਿਉਂਕਿ ਸ਼ਹਿਰ ਤੇ ਆਲੇ-ਦੁਆਲੇ ਪਿੰਡਾਂ ਦੇ ਘਰਾਂ, ਵਾਹਨਾਂ ਤੇ ਕੱਪੜੇ ਕਾਲੇ ਹੋ ਰਹੇ ਹਨ ਅਤੇ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਸ੍ਰੀ ਗਨੇਸ਼ ਕੰਪਨੀ ਦੇ ਅਧਿਕਾਰੀਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਸ ਗੰਭੀਰ ਮਸਲੇ ਦਾ ਛੇਤੀ ਹੱਲ ਕਰ ਲਿਆ ਜਾਵੇਗਾ।
Posted By:

Leave a Reply