ਬਲਵੀਰ ਸਿੰਘ ਬਣੇ ਲਹਿਰਾ ਮੁਹੱਬਤ ਨਗਰ ਪੰਚਾਇਤ ਦੇ ਪ੍ਰਧਾਨ

ਬਲਵੀਰ ਸਿੰਘ ਬਣੇ ਲਹਿਰਾ ਮੁਹੱਬਤ ਨਗਰ ਪੰਚਾਇਤ ਦੇ ਪ੍ਰਧਾਨ

ਮੁਹੱਬਤ : ਭੁੱਚੋ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਿੰਡ ਲਹਿਰਾ ਮੁਹੱਬਤ ਦੇ ਵਿਕਾਸ ਨੂੰ ਮੁੜ ਸ਼ੁਰੂ ਕਰਨ ਲਈ ਨਗਰ ਪੰਚਾਇਤ ਦੇ ਅਧਿਕਾਰੀਆਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ। ਸਬ ਤਹਿਸੀਲ ਨਥਾਣਾ ਦੇ ਨਾਇਬ ਤਹਿਸੀਲਦਾਰ ਮੈਡਮ ਗੁਰਪ੍ਰੀਤ ਕੌਰ ਦੀ ਮੌਜੂਦਗੀ ਵਿਚ ਕੌਂਸਲਰ ਬਲਵੀਰ ਸਿੰਘ ਨੂੰ ਪ੍ਰਧਾਨ, ਕੌਂਸਲਰ ਬੇਅੰਤ ਕੌਰ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਕੌਂਸਲਰ ਸੁਖਪਾਲ ਕੌਰ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਦੀ ਚੋਣ ਲਈ ਕੌਂਸਲਰ ਗੁਰਸੇਵਕ ਸਿੰਘ ਨੇ ਬਲਵੀਰ ਸਿੰਘ ਦਾ ਨਾਮ ਪ੍ਰਸਤਾਵਿਤ ਕੀਤਾ ਅਤੇ ਕੌਂਸਲਰ ਮੁਖਤਿਆਰ ਸਿੰਘ ਨੇ ਇਸ ’ਤੇ ਸਹਿਮਤੀ ਦਿੱਤੀ। ਇਸ ਮੌਕੇ ਸਾਰੇ 11 ਕੌਂਸਲਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਲਹਿਰਾ ਮੁਹੱਬਤ ਨਗਰ ਪੰਚਾਇਤ ਦੇ ਪ੍ਰਧਾਨ ਦਾ ਅਹੁਦਾ ਵੱਡੇ ਵਿਵਾਦ ਕਾਰਨ ਲਗਭਗ 3 ਸਾਲਾਂ ਤੋਂ ਖਾਲੀ ਪਿਆ ਸੀ। ਜਿਸ ਕਾਰਨ ਪਿੰਡ ਦਾ ਵਿਕਾਸ ਰੁਕ ਗਿਆ ਅਤੇ ਪਿੰਡ ਵਾਸੀ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਸਨ। ਨਵ-ਨਿਯੁਕਤ ਪ੍ਰਧਾਨ ਬਲਵੀਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ, ਜਿਸ ਵਿਚ ਕੂੜਾ ਸੁੱਟਣ ਅਤੇ ਛੱਪੜਾਂ ਦੇ ਓਵਰਫਲੋ ਹੋਣ ਦੀਆਂ ਸਮੱਸਿਆਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੁੱਧ ਪਾਣੀ ਲਈ ਆਰਓ ਅਤੇ ਸਰਕਾਰੀ ਕੰਮ ਲਈ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕਰਨ ਲਈ ਵੀ ਯਤਨ ਕੀਤੇ ਜਾਣਗੇ। ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਲਹਿਰਾ ਮੁਹੱਬਤ ਵਿੱਚ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕੀਤਾ।