ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਆਈਟੀਆਈ 'ਤੇ ਬਾਹਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼

ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਆਈਟੀਆਈ 'ਤੇ ਬਾਹਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼

ਫਾਜ਼ਿਲਕਾ : ਸਥਾਨਕ ਸਰਕਾਰੀ ਆਈਟੀਆਈ ਦੀ ਜਗ੍ਹਾ ’ਤੇ ਸੱਤਾਧਾਰੀ ਦੇ ਆਗੂਆਂ ਦੀ ਸ਼ਹਿ ਤੇ ਇਕ ਵਾਰ ਫਿਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਈਟੀਆਈ ਦੇ ਪ੍ਰਿੰਸੀਪਲ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨ ਨੂੰ ਇੱਕ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਹਾਲੇ ਤੱਕ ਕੋਈ ਕਾਰਵਾਈ ਨਾ ਕਰਨ ਦਾ ਹੀ ਸਿੱਟਾ ਹੈ ਕਿ ਕਬਜ਼ਾ ਕਰਨ ਵਾਲੇ ਵਿਅਕਤੀਆਂ ਵੱਲੋਂ ਅੱਜ ਸਰਕਾਰੀ ਆਈਟੀਆਈ ਦੇ ਸਾਹਮਣੇ ਇੱਟਾਂ ਸੁੱਟ ਕੇ ਕਬਜ਼ਾ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ। ਅੱਜ ਸ਼ੁਕਰਵਾਰ ਛੁੱਟੀ ਵਾਲੇ ਦਿਨ ਛੁੱਟੀ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਨੀਅਤ ਨਾਲ ਕਬਜ਼ਾ ਧਾਰਕਾਂ ਵੱਲੋਂ ਸਰਕਾਰੀ ਆਈਟੀਆਈ ਸਾਹਮਣੇ ਇੱਟਾਂ ਲਿਆ ਕੇ ਕਬਜ਼ਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਜਿਵੇਂ ਹੀ ਸਰਕਾਰੀ ਆਈਟੀਆਈ ਦੇ ਇੰਸਟਕਟਰਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਕਾਰਕੁਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਉਥੇ ਪਹੁੰਚ ਕੇ ਸਰਕਾਰੀ ਆਈਟੀਆਈ ਦੇ ਇੰਸਟਰਕਟਰਾਂ ਨਾਲ ਮਿਲ ਕੇ ਲਿਖਤੀ ਤੌਰ ਤੇ ਇੱਕ ਦਰਖਾਸਤ ਸਥਾਨਕ ਥਾਣਾ ਸਿਟੀ ਨੂੰ ਦਿੱਤੀ ਹੈ।ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ, ਜ਼ਿਲ੍ਹਾ ਸਕੱਤਰ ਸ਼ੁਬੇਗ ਝੰਗੜਭੈਣੀ, ਬਲਾਕ ਫਾਜ਼ਿਲਕਾ ਦੇ ਪ੍ਰਧਾਨ ਕੁਲਦੀਪ ਬੱਖੂ ਸ਼ਾਹ, ਗੁਰਦਿਆਲ ਢਾਬਾਂ,ਏਆਈਐਸਐਫ ਦੇ ਜ਼ਿਲ੍ਹਾ ਕੌਂਸਲ ਮੈਂਬਰ ਸਤੀਸ਼ ਕੁਮਾਰ ਛੱਪੜੀ ਵਾਲਾ,ਸੁਰਿੰਦਰ ਬਾਹਮਣੀ ਵਾਲਾ ਨੇ ਸਰਕਾਰੀ ਆਈਟੀਆਈ ਫਾਜ਼ਿਲਕਾ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਨ ਲਈ ਸੁੱਟੀਆਂ ਇੱਟਾਂ ਦਿਖਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਨਜਾਇਜ਼ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਆਈਟੀਆਈ ਫਾਜਿਲਕਾ ਦੇ ਪ੍ਰਿੰਸੀਪਲ ਵੱਲੋਂ ਲਿਖਤੀ ਦਰਖਾਸਤ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ, ਪ੍ਰੰਤੂ ਹਜੇ ਤੱਕ ਕੋਈ ਵੀ ਨਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਆਗੂਆਂ ਨੇ ਦੱਸਿਆ ਕਿ ਸਰਕਾਰੀ ਆਈਟੀਆਈ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਦੀ ਜਾਇਦਾਦ ਹੈ ਅਤੇ ਇਸ ਜਾਇਦਾਦ ਨੂੰ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਕਿਸੇ ਵੀ ਕੀਮਤ ਤੇ ਹੜੱਪਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਸਰਕਾਰੀ ਆਈਟੀਆਈ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਅਤੇ ਸਰਕਾਰੀ ਆਈਟੀਆਈ ਦੀ ਜਗ੍ਹਾ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪਹਿਲਾਂ ਵੀ ਸਰਕਾਰੀ ਆਈਟੀਆਈ ਫਾਜ਼ਿਲਕਾ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਖਿਲਾਫ ਅਸੀਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖਤੀ ਦਰਖਾਸਤਾਂ ਭੇਜ ਦਿੱਤੀਆਂ ਸਨ। ਹੁਣ ਵੀ ਸੰਸਥਾ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਥਾਣਾ ਸਿਟੀ ਫ਼ਾਜ਼ਿਲਕਾ ਨੂੰ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਗਈ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਨੌਜਵਾਨ ਆਗੂ ਰਾਜਵਿੰਦਰ ਨਿਉਂਲਾ ਮੁਖਤਿਆਰ ਥਾਰਾ ਸਿੰਘ ਵਾਲਾ,ਕਿਸਾਨ ਆਗੂ ਜੰਮੂ ਰਾਮ ਬਨਵਾਲਾ ਅਤੇ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਤੇਜਾ ਅਮੀਰ ਖਾਸ ਵੀ ਨਜ਼ਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਲਈ ਸਰਕਾਰੀ ਆਈਟੀਆਈ ਦੀ ਪਿੱਠ ਤੇ ਉਤਰੇ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਪ੍ਰੀਤ ਘੂਰੀ ਨੇ ਦੱਸਿਆ ਕਿ ਪੰਜਾਬ ਵਿੱਚ ਸਰਕਾਰੀ ਵਿਦਿਅਕ ਸੰਸਥਾਵਾਂ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ, ਸਿੱਖਿਆ ਦਾ ਮਿਆਰ ਘਟਦਾ ਜਾ ਰਿਹਾ ਹੈ, ਵਿਦਿਅਕ ਸੰਸਥਾਵਾਂ ਸਹੂਲਤਾਂ ਦੀ ਘਾਟ ਨਾਲ ਜੂਝ ਰਹੀਆਂ ਹਨ ਅਤੇ ਇਹਨਾਂ ਦੀ ਸਭ ਤੋਂ ਵੱਧ ਮਾਰ ਪੱਛੜੇ ਇਲਾਕਿਆਂ ਵਿੱਚ ਹੈ। ਪਰ ਇਹ ਸਭ ਕੁੱਝ ਠੀਕ ਕਰਨ ਦੀ ਬਜਾਏ ਵਿਦਿਅਕ ਸੰਸਥਾਵਾਂ ਵਿੱਚ ਇਸ ਤਰ੍ਹਾਂ ਲਗਾਤਾਰ ਕਬਜ਼ੇ ਦੀਆਂ ਕੋਸ਼ਿਸ਼ਾਂ ਕਰਨਾ ਬਹੁਤ ਮੰਦਭਾਗਾ। ਪੰਜਾਬ ਸਟੂਡੈਂਟਸ ਯੂਨੀਅਨ ਇਹੋ ਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਇਹਨਾਂ ਭੂ ਮਾਫੀਆ ਖਿਲਾਫ਼ ਫਾਜ਼ਿਲਕਾ ਜ਼ਿਲ੍ਹੇ ਵਿਚ ਅੰਦੋਲਨ ਵਿੱਢਿਆ ਜਾਵੇਗਾ। ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਉਕਤ ਕਬਜ਼ਾਧਾਰੀਆਂ ਤੇ ਪਰਚਾ ਦਰਜ਼ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ , ਆਈ.ਟੀ.ਆਈ ਦੀਆਂ ਸਹੂਲਤਾਂ ਅਤੇ ਗ੍ਰਾਂਟਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਭਵਿੱਖ ਵਿੱਚ ਇਹੋ ਜਿਹੀ ਕੋਈ ਘਟਨਾ ਨਾ ਹੋਵੇ ਇਹ ਯਕੀਨੀ ਬਣਾਇਆ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰੇਗੀ। ਗੌਰਵਤਲਬ ਹੈ ਪਿਛਲੇ ਸਾਲ ਵੀ ਦਸੰਬਰ ਮਹੀਨੇ ਵਿੱਚ ਸੱਤਾ ਧਿਰ ਦੇ ਕੁਝ ਆਗੂਆਂ ਵੱਲੋਂ ਸਰਕਾਰੀ ਆਈਟੀਆਈ ਤੇ ਨਜਾਇਜ਼ ਕਬਜ਼ਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਸਰਬ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਵਿਰੋਧ ਕਰਕੇ ਆਈਟੀਆਈ ਤੇ ਕਬਜ਼ਾ ਕਰਨ ਤੋਂ ਬਚਾ ਲਿਆ ਸੀ।