ਰਾਮਪੁਰਾ ਫੂਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਸ਼ਨੀਵਾਰ ਨੂੰ ਜਿਥੇ ਸਾਰੇ ਪੰਜਾਬ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਉੱਥੇ ਬਲਾਕ ਰਾਮਪੁਰਾ ਏਰੀਏ ਵਿਚ ਵੀ ਸ਼ੰਭੂ ਬਾਰਡਰ ’ਤੇ ਹੋਏ ਕਿਸਾਨਾਂ ਤੇ ਅੱਤਿਆਚਾਰ ਦੇ ਵਿਰੋਧ ਵਿਚ ਹਰਿਆਣਾ ਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਕਤ ਸਰਕਾਰਾਂ ਦੇ ਕਿਸਾਨਾਂ ’ਤੇ ਕੀਤੇ ਜਾ ਰਹੇ ਤਸ਼ੱਦਦ ਦੇ ਮੱਦੇਨਜ਼ਰ ਹੀ ਚੱਲ ਰਹੇ ਪੱਕੇ ਮੋਰਚਿਆਂ ਦੀ ਹਮਾਇਤ ਵਿਚ ਜ਼ਾਲਮ ਸਰਕਾਰ ਦੀ ਅਰਥੀ ਫੂਕੀ ਗਈ ਹੈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੋ ਘਟਨਾ ਘਟੀ ਹੈ ਬਹੁਤ ਹੀ ਨਿੰਦਣਯੋਗ ਹੈ ਅਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਹਮੇਸ਼ਾਂ ਚੱਟਾਨ ਵਾਂਗ ਖੜ੍ਹੇ ਰਹਾਂਗੇ। ਇਸ ਮੌਕੇ ਬੂਟਾ ਸਿੰਘ ਬੱਲ੍ਹੋ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਵੱਲੋਂ ਅਤੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਸਾਡੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਨੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਉਗਰਾਹਾਂ ਜਥੇਬੰਦੀ ਵੱਲੋਂ ਕਿਤੇ ਵੀ ਹੋ ਰਹੇ ਜ਼ਬਰ ਜ਼ੁਲਮ ਨੂੰ ਅੱਖੀਂ ਦੇਖ ਕੇ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਸ ਲਈ ਅਸੀਂ ਜ਼ੁਲਮ ਦੇ ਖਿਲਾਫ ਹਰ ਸਮੇਂ ਬੋਲਦੇ ਹਾਂ ਤੇ ਬੋਲਦੇ ਰਹਾਂਗੇ। ਰੋਸ ਪ੍ਰਦਰਸ਼ਨ ਕਰਦੇ ਸਮੇਂ ਗੁਲਾਬ ਸਿੰਘ ਜਿਉਂਦ, ਬਲਦੇਵ ਸਿੰਘ ਚਾਉਕੇ, ਨਿਰਮਲ ਸਿੰਘ ਭੂੰਦੜ, ਗੁਰਮੇਲ ਸਿੰਘ ਢੱਡੇ, ਸੁਖਮੰਦਰ ਸਿੰਘ ਪਿੱਥੋ, ਭੂਰਾ ਸਿੰਘ ਡਿੱਖ ਆਦਿ ਹਾਜ਼ਰ ਸਨ।
Leave a Reply