ਡੇਰਾਬੱਸੀ : ਸਰਕਾਰ ਭਾਵੇਂ ਕਾਂਗਰਸ ਜਾਂ ਅਕਾਲੀ-ਭਾਜਪਾ ਦੀ ਰਹੀ ਹੋਵੇ, ਡੇਰਾਬੱਸੀ ਸ਼ਹਿਰ ਚ ਵਿਕਾਸ ਤੇ ਕਰੋੜਾਂ ਰੁਪਏ ਖਰਚ ਕਰਨ ਦੇ ਵੱਡੇ-ਵੱਡੇ ਦਾਅਵੇ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਹਨ। ਇਸ ਵਿਕਾਸ ਦੀ ਹਨੇਰੀ ਚ ਸ਼ਹਿਰ ਦੇ ਅੱਧੀ ਸਦੀ ਪੁਰਾਣੇ ਬੱਸ ਅੱਡੇ ਦੀ ਖੰਡਰਨੁਮਾ ਇਮਾਰਤ ਵਿਕਾਸ ਦੀ ਉਡੀਕ ਕਰ ਰਹੀ ਹੈ। ਇਸ ਬੱਸ ਅੱਡੇ ਦੀ ਆਪਣੀ ਹੀ ਦਰਦ ਭਰੀ ਕਹਾਣੀ ਹੈ, ਜਿਥੇ ਸਵਾਰੀਆਂ ਸਮੇਤ ਰੋਡਵੇਜ਼ ਦੀ ਇਕ ਵੀ ਬੱਸ ਵੜਨਾ ਪਸੰਦ ਨਹੀਂ ਕਰਦੀ। ਜਿਸ ਕਾਰਨ ਅੰਬਾਲਾ-ਚੰਡੀਗੜ੍ਹ ਅਤੇ ਲੰਮੇ ਰੂਟ ਦੀਆਂ ਬੱਸਾਂ ਬੱਸ ਅੱਡੇ ਅੰਦਰ ਨਾ ਆਉਣ ਕਰਕੇ ਸਵਾਰੀਆਂ ਨੂੰ ਸੜਕ ਕਿਨਾਰੇ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਡੇਰਾਬੱਸੀ ਸ਼ਹਿਰ ਸਮੇਤ ਤਕਰੀਬਨ ਪੰਜ ਦਰਜਨ ਤੋਂ ਵੱਧ ਪਿੰਡਾਂ ਦਾ ਕੇਂਦਰ ਅਤੇ ਸਬ ਡਵੀਜ਼ਨ ਦਫ਼ਤਰ ਮੌਜੂਦ ਹੈ। ਸਹਿਰ ਵਾਸੀਆਂ ਨੇ ਦੱਸਿਆ ਕਿ ਸਾਲ 1970 ਵਿੱਚ ਤਤਕਾਲੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਮਨਮੋਹਣ ਕਾਲੀਆ ਨੇ ਇਸ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਸੀ। ਉਸ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਾ ਦੇਣ ’ਤੇ ਅੱਡੇ ਦੀ ਇਮਾਰਤ ਨੇ ਖੰਡਰ ਦਾ ਰੂਪ ਧਾਰਨਾ ਸ਼ੁਰੂ ਕਰ ਲਿਆ। ਇਥੇ ਬਣੇ ਪਖਾਨਿਆਂ ਨੂੰ ਵੀ ਦੀਵਾਰ ਕਰਕੇ ਬੰਦ ਕਰ ਦਿੱਤਾ ਗਿਆ, ਲੋਕਾਂ ਦੇ ਬੈਠਣ ਨੂੰ ਕੋਈ ਥਾਂ ਨਹੀਂ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅੱਡੇ ਦੀ ਖੰਡਰਨੁਮਾ ਇਮਾਰਤ ਨੂੰ ਰੰਗ ਦਾ ਪੋਚਾ ਮਾਰ ਕੇ ਪਹਿਲਾਂ ਨਵੀਂ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਹਾਲਾਤ ਇਹ ਹੈ ਕਿ ਬੱਸ ਅੱਡੇ ਨੂੰ ਨਿੱਜੀ ਵਾਹਨ ਚਾਲਕਾਂ ਨੇ ਟੈਕਸੀ ਸਟੈਂਡ ਬਣਾ ਕੇ ਰੱਖਿਆ ਹੋਇਆ ਹੈ। ਨੈਸ਼ਨਲ ਹਾਈਵੇ ਨੂੰ ਚੁਹੰਮਾਰਗੀ ਬਣਾਉਣ ਲਈ ਇਸ ਦੇ ਦੋਵੇਂ ਪਾਸੇ ਲੱਗੇ ਸੈਂਕੜੇ ਦਰਖਤਾਂ ਤੇ ਸਰਕਾਰੀ ਕੁਹਾੜਾ ਚਲਾਉਣ ਨਾਲ ਪਰੇਸ਼ਾਨੀ ਹੋਰ ਵੱਧ ਗਈ ਹੈ। ਬੱਸ ਸ਼ੈਲਟਰ ਵੀ ਅਜਿਹੀ ਜਗ੍ਹਾ ’ਤੇ ਬਣਾਏ ਗਏ ਹਨ, ਜਿਥੇ ਬੱਸਾਂ ਹੀ ਨਹੀਂ ਰੁਕਦੀਆਂ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਤੋਂ ਇਲਾਵਾ ਹੋਰਨਾਂ ਰਾਜਾਂ ਲਈ ਰੋਜ਼ਾਨਾ ਸੈਂਕੜੇ ਬੱਸਾਂ ਇਥੋਂ ਲੰਘਦੀਆਂ ਹਨ ਪਰ ਰੁਕਦੀਆਂ ਬਹੁਤ ਘੱਟ ਹਨ। ਪਿਛਲੇ ਦੋ ਸਾਲਾਂ ਤੋਂ ਵੱਧ ਦਾ ਸਮਾਂ ਗੁਜ਼ਰ ਗਿਆ ਹੈ, ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਪਰ ਉਨ੍ਹਾਂ ਵੱਲੋਂ ਵੀ ਅੱਜ ਤਕ ਡੇਰਾਬੱਸੀ ਵਿਖੇ ਸਥਾਈ ਬੱਸ ਅੱਡਾ ਬਣਾਉਣ ਦੀ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ। ਜਦਕਿ ਨਗਰ ਕੌਂਸਲ ਦੀ ਮੀਟਿੰਗ ਵੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਡੇਰਾਬੱਸੀ ਵਿਖੇ ਬੱਸ ਅੱਡਾ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਗੋਰਤਲਬ ਹੈ ਕਿ ਪਿਛਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਸਮੇਂ ਤੋਂ ਡੇਰਾਬੱਸੀ ਵਿਖੇ ਬੱਸ ਅੱਡਾ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ ਹੋਇਆ ਹੈ। ਜਿਸ ਤੋਂ ਬਾਅਦ ਡੇਰਾਬੱਸੀ ਬੱਸ ਸਟੈਂਡ ਬਣਾਉਣ ਦੀ ਜਗ੍ਹਾ ਅਤੇ ਨਕਸ਼ਾ ਦੋ ਵਾਰ ਬਣ ਚੁਕਿਆ ਹੈ ਪਰ ਅੱਜ ਤਕ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਜਿਸ ਕਾਰਨ ਹਰ ਪੰਜ ਸਾਲ ਬਾਅਦ ਸ਼ਹਿਰ ਵਾਸੀਆਂ ਦੇ ਟੈਕਸ ਤੋਂ ਇਕੱਠੇ ਹੋਏ ਕਰੋੜਾਂ ਰੁਪਿਆ ਨਕਸ਼ਾ ਨਵੀਸ ਨੂੰ ਦਿੱਤੇ ਜਾ ਰਹੇ ਹਨ ਅਤੇ ਜਦੋਂ ਦੂਜੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਸ ਨਕਸ਼ੇ ਨੂੰ ਗਲਤ ਸਾਬਤ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਸਲ ਵਿੱਚ ਜ਼ਮੀਨੀ ਪੱਧਰ ’ਤੇ ਬੱਸ ਸਟੈਂਡ ਬਣਾਵੇਗੀ ਜਾਂ ਕੇਵਲ ਦੂਜੀਆਂ ਪਾਰਟੀਆਂ ਵਾਂਗ ਕਰੋੜਾਂ ਰੁਪਏ ਨਕਸ਼ਾ ਨਵੀਸ ਦੀਆਂ ਜੇਬਾਂ ਵਿੱਚ ਪਾ ਦੇਵੇਗੀ। ਸਹਿਰ ਵਾਸੀਆਂ ਨੇ ਕਿਹਾ ਕਿ ਇਹ ਵੀ ਆਪਣੇ ਆਪ ਵਿੱਚ ਇਕ ਜਾਂਚ ਦਾ ਵਿਸ਼ਾ ਹੈ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਬਹੁਤ ਸਾਰੀਆਂ ਬੱਸਾਂ ਤਾਂ ਫਲਾਈਓਵਰ ਦੇ ਉਪਰ ਤੋਂ ਹੀ ਲੰਘ ਜਾਂਦੀਆਂ ਹਨ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਡੇਰਾਬੱਸੀ ਵਿਖੇ ਬੱਸ ਅੱਡੇ ਦੀ ਨਵੀਂ ਇਮਾਰਤ ਬਣਾਉਣ ਦੀ ਮੰਗ ਕੀਤੀ ਹੈ।
Leave a Reply