ਜੀਵਾਂ ਅਰਾਈਂ ਪੰਚਾਇਤ ਵੱਲੋਂ ਨਸ਼ਾ ਛਡਾਊ ਸੈਂਟਰ ਬੰਦ ਕਰਨ ਦੀ ਮੰਗ

ਜੀਵਾਂ ਅਰਾਈਂ ਪੰਚਾਇਤ ਵੱਲੋਂ ਨਸ਼ਾ ਛਡਾਊ ਸੈਂਟਰ ਬੰਦ ਕਰਨ ਦੀ ਮੰਗ

ਗੁਰੂਹਰਸਹਾਏ : ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਜੀਵਾਂ ਅਰਾਈਂ ਦੇ ਪਬਲਿਕ ਹੈੱਲਥ ਸੈਂਟਰ ਵਿੱਚ ਚੱਲ ਰਹੇ (ਓਟ) ਨਸ਼ਾ ਛਡਾਊ ਸੈਂਟਰ ਨੂੰ ਬੰਦ ਕਰਵਾਉਣ ਲਈ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਨਸ਼ਾ ਛਡਾਊ ਸੈਂਟਰ ਨੂੰ ਤੁਰੰਤ ਬੰਦ ਕੀਤਾ ਜਾਵੇ, ਨਾਲ ਹੀ ਭਾਰੀ ਗਿਣਤੀ ’ਚ ਸਰਪੰਚ ਉਡੀਕ ਸਿੰਘ ਦੇ ਨਾਲ ਸੈਂਟਰ ਪੁਹੰਚੇ। ਪਿੰਡ ਵਾਸੀਆਂ ਨੇ ਨਸ਼ੇੜੀਆਂ ਨੂੰ ਚੇਤਾਵਨੀ ਦਿੱਤੀ ਕਿ ਪਿੰਡ ਵਿੱਚ ਜੋ ਵੀ ਗੋਲੀਆਂ ਲੈਣ ਆਉਂਦੇ ਹਨ ਉਹ ਆਪਣੇ ਹੀ ਪਿੰਡ ਵਿੱਚੋਂ ਗੋਲੀਆਂ ਲੈਣ ਤਾਂ ਜੋ ਜੀਵਾਂ ਅਰਾਈ ਦਾ ਨਸ਼ੇ ਦਾ ਸੈਂਟਰ ਬੰਦ ਕਰਵਾਇਆ ਜਾ ਸਕੇ। ਇਸ ਮੌਕੇ ਪਿੰਡ ਦੇ ਸਰਪੰਚ ਉਡੀਕ ਸਿੰਘ ਸੰਧਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਸੈਂਟਰ ਇਥੋਂ ਬੰਦ ਕਰਕੇ ਕਿਸੇ ਹੋਰ ਥਾਂ ਸ਼ਿਫਟ ਕੀਤਾ ਜਾਵੇ ਤਾਂ ਜੋ ਬਾਹਰੋਂ ਆਉਂਦੇ ਨਸ਼ੇੜੀ ਕਰੀਬ 90 ਪ੍ਰਤੀਸ਼ਤ ਜੋ ਬਾਹਰੋਂ ਨਸ਼ੇੜੀ ਗੋਲੀਆਂ ਲੈਣ ਆਉਂਦੇ ਹਨ ਅਤੇ ਕੁਝ ਲੋਕ ਗੋਲੀਆਂ ਦੀ ਆੜ ਵਿੱਚ ਇੱਥੇ ਨਸ਼ਾ ਵੇਚਦੇ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਦੋ ਵਿਅਕਤੀਆਂ ਨੂੰ ਨਸ਼ਾ ਵੇਚਦੇ ਹੋਏ ਮੌਕੇ ’ਤੇ ਹੀ ਕਾਬੂ ਕਰਕੇ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਅਤੇ ਕਿਹਾ ਹੈ ਕਿ ਜਿੱਥੇ ਤੁਹਾਡਾ ਪਿੰਡ ਹੈ ਉਥੋਂ ਹੀ ਗੋਲੀਆਂ ਲਈਆਂ ਜਾਣ। ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਉਡੀਕ ਸਿੰਘ ਨੇ ਕਿਹਾ ਕਿ ਨਸ਼ਾ ਛਡਾਊ ਸੈਂਟਰ ਨੂੰ ਬੰਦ ਕਰਨ ਲਈ ਐੱਸਐੱਮਓ ਗੁਰੂਹਰਸਹਾਏ, ਡੀਸੀ ਫਿਰੋਜ਼ਪੁਰ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਜੋ ਇਸ ਸੈਂਟਰ ਨੂੰ ਜਲਦ ਤੋਂ ਜਲਦ ਬੰਦ ਕਰਵਾਇਆ ਜਾ ਸਕੇ। ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਨੂੰ ਤੁਰੰਤ ਬੰਦ ਨਾ ਕਰਵਾਇਆ ਗਿਆ ਤਾਂ ਉਹ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ।ਇਸ ਮੌਕੇ ਹਰਿੰਦਰ ਮਰੋਕ, ਅਮਰ ਸਿੰਘ ਵਾਰਵਲ, ਇਕਬਾਲ ਸੰਧਾ, ਸੰਦੀਪ ਸੰਧਾ, ਹਰਪ੍ਰੀਤ ਮਰੋਕ, ਇੰਦਰ ਸਿੰਘ ਮੈਂਬਰ ਪੰਚਾਇਤ, ਮਿੰਦਰ ਸ਼ੌਂਕੀ ਆਦਿ ਹਾਜ਼ਰ ਸਨ।