ਟੋਲ ਪਲਾਜ਼ਾ ਕੱਥੂਨੰਗਲ ’ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਟੋਲ ਪਲਾਜ਼ਾ ਕੱਥੂਨੰਗਲ ’ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਮਜੀਠਾ : ਭਖਦੇ ਕਿਸਾਨੀ ਮਸਲਿਆਂ ਲਈ ਮਹੀਨਿਆਂ ਬੱਧੀ ਪੱਕੇ ਮੋਰਚੇ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਦਿੱਲੀ ਵੱਲ ਪੈਦਲ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਮਾਰ ਕੇ ਜ਼ਖ਼ਮੀ ਕਰਨ ਅਤੇ ਸ਼ਾਂਤਮਈ ਸੰਘਰਸ਼ ਦਾ ਹੱਕ ਖੋਹੇ ਜਾਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕਰਦਿਆਂ ਕੱਥੂਨੰਗਲ ਟੋਲ ਪਲਾਜ਼ਾ ’ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਸਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਅਤੇ ਜਗਜੀਵਨ ਸਿੰਘ ਤਲਵੰਡੀ ਨੇ ਭਾਜਪਾ ਸਰਕਾਰ ਦੀ ਇਸ ਜਾਬਰ ਕਾਰਵਾਈ ਨੂੰ ਕਿਸਾਨਾਂ ਨਾਲ ਬੇਹੱਦ ਘਟੀਆ ਵਿਹਾਰ ਕਿਹਾ ਹੈ। ਸੱਤਾਧਾਰੀਆਂ ਦੀਆਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਜਾਨਲੇਵਾ ਕਰਜ਼ਿਆਂ ਥੱਲੇ ਦੱਬੇ ਹਜ਼ਾਰਾਂ ਦੀ ਤਾਦਾਦ ਵਿਚ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਅਤੇ ਲਗਾਤਾਰ ਹੋ ਰਹੇ ਕਿਸਾਨਾਂ ਦੀ ਐਮਐਸਪੀ ਤੇ ਫਸਲਾਂ ਦੀ ਖ੍ਰੀਦ ਦੀ ਕਾਨੂੰਨੀ ਗਰੰਟੀ ਵਰਗੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਸ਼ਾਂਤਮਈ ਸੰਘਰਸ਼ ਦਾ ਸੰਵਿਧਾਨਕ ਹੱਕ ਵੀ ਖੋਹਣਾ ਇਸੇ ਦੁਸ਼ਮਣੀ ਦਾ ਸਬੂਤ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਤੇ ਹੱਕੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਪੁਲਿਸ ਜਬਰ ਬੰਦ ਕੀਤਾ ਜਾਵੇ। ਸ਼ਾਂਤਮਈ ਸੰਘਰਸ਼ ਦਾ ਸੰਵਿਧਾਨਕ ਹੱਕ ਬਹਾਲ ਕੀਤਾ ਜਾਵੇ। ਆਗੂਆਂ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਤੋਂ ਇਕ ਕਦਮ ਅੱਗੇ ਹੋ ਕੇ ਚੱਲ ਰਹੀ ਹੈ ਤੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਭਾਵੇਂ ਭਾਰਤ ਮਾਲਾ ਪ੍ਰੋਜਕੈਟ ਲਈ ਜ਼ਮੀਨ ਦਾ ਮਸਲਾ ਹੋਵੇ ਚਾਹੇ ਗੈਸ ਪਾਈਪ ਲਾਈਨ ਦਾ ਹੋਵੇ ਦੋਵੇ ਸਰਕਾਰਾਂ ਲੋਕਾਂ ਦੀ ਆਵਾਜ ਬੰਦ ਕਰਨ ਲਈ ਯਤਨਸ਼ੀਲ ਹਨ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਜਿੰਨਾਂ ਵਿੱਚ ਮੁੱਖ ਤੋਰ ਤੇ ਮੰਗਲ ਸਿੰਘ ਗੋਸਲ, ਕੁਲਬੀਰ ਸਿੰਘ ਜੇਠੂਵਾਲ, ਅਜੈਬ ਸਿੰਘ ਟਰਪਈ, ਨਿਰਵੈਰ ਸਿੰਘ ਪਠਾਨ ਨੰਗਲ, ਮਨਪ੍ਰੀਤ ਸਿੰਘ ਹਮਜਾ, ਗਿਆਨ ਸਿੰਘ ਕੰਦੋਵਾਲੀ, ਹਰਪਾਲ ਸਿੰਘ, ਲਖਵਿੰਦਰ ਸਿੰਘ ਮੂਧਲ, ਬਲਦੇਵ ਸਿੰਘ ਮਾਛੀਨੰਗਲ , ਰਛਪਾਲ ਸਿੰਘ ਟਰਪਈ, ਜਗਤਾਰ ਸਿੰਘ ਮੱਝੂਪੁਰਾ, ਜਗਦੀਸ਼ ਸਿੰਘ ਖੁਸੀਪੁਰ ਆਦਿ ਹਾਜ਼ਰ ਸਨ। ਕੈਪਸਨ: ਟੋਲ ਪਲਾਜ਼ਾ ਕੱਥੂਨੰਗਲ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਡਾ. ਪਰਮਿੰਦਰ ਸਿੰਘ ਪੰਡੌਰੀ, ਜਗਜੀਵਨ ਸਿੰਘ ਤਲਵੰਡੀ, ਕੁਲਬੀਰ ਸਿੰਘ ਜੇਠੁ ਨੰਗਲ ਅਤੇ ਹੋਰ।