ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਗਲੀਆਂ ਦੀ ਹਾਲਤ ਖਸਤਾ, ਸੰਗਤ ’ਚ ਭਾਰੀ ਰੋਸ

ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਗਲੀਆਂ ਦੀ ਹਾਲਤ ਖਸਤਾ, ਸੰਗਤ ’ਚ ਭਾਰੀ ਰੋਸ

 ਸ੍ਰੀ ਹਰਗੋਬਿੰਦਪੁਰ : ਕਸਬਾ ਹਰਚੋਵਾਲ ਦੇ ਵਿੱਚ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਗਲੀਆਂ ਦੀ ਹਾਲਤ ਬਹੁਤ ਮਾੜੀ ਹੈ। ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਪੈਂਦੇ ਕਸਬਾ ਹਰਚੋਵਾਲ ਦੇ ਵਾਰਡ ਨੰਬਰ 8 ਦੇ ਲੋਕ ਗਲੀਆਂ ਨਾਲੀਆਂ ਦੀ ਅਤਿ ਮਾੜੀ ਹਾਲਤ ਕਾਰਨ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮਪਾਲ, ਜੀਤਾ, ਰਾਜਕੁਮਾਰ, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਪਲਵਿੰਦਰ ਸਿੰਘ ਭੁੱਟੋ, ਗੋਲੂ, ਵਿੱਕੀ ਹਲਵਾਈ, ਸੋਨੂ ਹਲਵਾਈ, ਗੋਲਡੀ, ਗੁੱਲੂ, ਸੁਖਵਿੰਦਰ ਕੌਰ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹਨਾਂ ਗਲੀਆਂ ਦੀ ਹਾਲਤ ਇੰਨੀ ਖਸਤਾ ਹੈ ਕਿ ਰੋਜ਼ਾਨਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਅਤੇ ਪੱਤੀ ਅਲੀ ਸ਼ੇਰ ਗੁਰਦੁਆਰਾ ਕਸਬਾ ਹਰਚੋਵਾਲ ਵਿੱਚ ਜਾਣ ਵਾਲੀ ਸੰਗਤ ਨੂੰ ਰੋਜ਼ਾਨਾ ਇਸ ਗੰਦੇ ਪਾਣੀ ’ਚੋਂ ਹੋ ਕੇ ਗੁਜਰਨਾ ਪੈਂਦਾ ਅਤੇ ਇਸ ਤੋਂ ਉੱਠਣ ਵਾਲੀ ਭਿਆਨਕ ਬਦਬੂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਦੱਸਿਆ ਕਿ ਗਲੀਆਂ ਦੇ ਵਿੱਚ ਖੜਾ ਗੰਦਾ ਪਾਣੀ ਭਿਆਨਕ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਾਣੀ ਤੋਂ ਉੱਠਣ ਵਾਲੀ ਬਦਬੂ ਦੇ ਕਾਰਨ ਕੋਈ ਭਿਆਨਕ ਬਿਮਾਰੀ ਦਸਤਕ ਦਿੰਦੀ ਹੈ ਜਾਂ ਫਿਰ ਲੋਕ ਇਹਨਾਂ ਬਿਮਾਰੀਆਂ ਦੀ ਚਪੇਟ ਵਿੱਚ ਆਉਂਦੇ ਹਨ ਤਾਂ ਉਸ ਲਈ ਮੌਜੂਦਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਹਨਾਂ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਓਮਾ ਸ਼ੰਕਰ ਅਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਕੋਲੋਂ ਪੂਰਜੋਰ ਮੰਗ ਕੀਤੀ ਹੈ ਕਿ ਇਸ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਜੋ ਸੰਗਤਾਂ ਦੇ ਵਿੱਚ ਜੋ ਭਾਰੀ ਰੋਸ ਹੈ, ਉਸ ਰੋਸ ਨੂੰ ਖਤਮ ਕੀਤਾ ਜਾ ਸਕੇ। ਉਧਰ ਦੂਜੇ ਪਾਸੇ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਪਾਣੀ ਦੀ ਨਿਕਾਸੀ ਦੇ ਲਈ ਸੰਬੰਧਿਤ ਮਹਿਕਮੇ ਦੇ ਵੱਲੋਂ ਸੀਵਰੇਜ ਲਈ ਪੋਰੇ ਵੀ ਪਾਏ ਗਏ, ਪਰ ਇਹਨਾਂ ਪੋਰਿਆਂ ਦੇ ਵਿੱਚੋਂ ਵੀ ਪਾਣੀ ਬਾਹਰ ਆਉਣ ਦੇ ਕਾਰਨ ਸਹੀ ਤਰੀਕੇ ਨਾਲ ਗਲੀਆਂ ਦੀ ਮੁਰੰਮਤ ਨਾ ਹੋਣ ਕਾਰਨ ਗਲੀਆਂ ਦੀ ਅਜਿਹੀ ਹਾਲਤ ਬਣੀ ਹੋਈ ਹੈ ਜਿਸ ਕਾਰਨ ਸਥਾਨਕ ਲੋਕਾਂ ਨੂੰ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।