ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੇ ਕੀਤਾ ਨਗਰ ਕੌਂਸਲ ਚੋਣਾਂ ਦਾ ਆਗਾਜ਼

ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੇ ਕੀਤਾ ਨਗਰ ਕੌਂਸਲ ਚੋਣਾਂ ਦਾ ਆਗਾਜ਼

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਗੱਠਜੋੜ ਸੰਗਰੂਰ ਨਗਰ ਕੌਂਸਲ ਚੋਣਾਂ ਵਿਚ ਸਰਗਰਮੀ ਨਾਲ ਆਪਣੀ ਚੋਣ ਮੁਹਿੰਮ ਆਰੰਭ ਕਰ ਦਿੱਤੀ। ਬੀਤੇ ਦਿਨ ਉਮੀਦਵਾਰਾਂ ਵੱਲੋਂ ਸੰਗਰੂਰ ਦੇ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਦੀ ਅਗਵਾਈ ਵਿਚ ਨਾਮਜਦਗੀ ਪੱਤਰ ਦਾਖਲ ਕੀਤੇ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਨਗਰ ਕੌਂਸਲ ਚੋਣਾਂ ਪੂਰੇ ਉਤਸ਼ਾਹ ਅਤੇ ਇਕ ਜੁੱਟਤਾ ਨਾਲ ਲੜ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਸਾਰੇ ਉਮੀਦਵਾਰ ਬਹੁਤ ਵਧੀਆ ਤਰੀਕੇ ਨਾਲ ਆਪਣੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ, ਵਾਰਡ-29 ਤੋਂ ਇਕਬਾਲਜੀਤ ਸਿੰਘ ਪੂਨੀਆ ਦੇ ਧਰਮ ਪਤਨੀ ਬੀਬੀ ਸਿਮਰਤ ਰਾਣਾ ਪੂਨੀਆ ਅਤੇ ਹੋਰ ਉਮੀਦਵਾਰਾਂ ਨੇ ਪੂਰੇ ਢੋਲ ਢਮੱਕਿਆ ਨਾਲ ਬੀਤੇ ਦਿਨ ਕਾਗਜ਼ ਦਾਖਲ ਕੀਤੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿਚ ਪੂਰੀ ਤਰ੍ਹਾਂ ਸਰਗਰਮ ਰਿਹਾ ਹੈ ਅਤੇ ਸਮੇਂ-ਸਮੇਂ ਤੇ ਸ਼ਹਿਰ ਦੀ ਵੋਟਰਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਚੁੱਕਦਾ ਰਿਹਾ। ਜਿਸ ਕਾਰਨ ਹਰੇਕ ਵਾਰਡ ਵਿਚ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਵਿਨਰਜੀਤ ਨੇ ਦਾਅਵਾ ਕੀਤਾ ਕਿ ਆਉਣ ਵਾਲੀ 21 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਰੀ ਬਹੁਮਤ ਨਾਲ ਸਾਰੇ ਵਾਰਡਾਂ ਵਿਚ ਜਿੱਤ ਹਾਸਿਲ ਕਰਕੇ ਨਗਰ ਕੌਂਸਲ ਦੀ ਪ੍ਰਧਾਨਗੀ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਆਪ ਵੱਲੋਂ ਪਿਛਲੇ ਤਿੰਨ ਸਾਲਾਂ ਵਿਚ ਸ਼ਹਿਰ ਦਾ ਕੋਈ ਵਿਕਾਸ ਨਹੀਂ ਕਰਵਾਇਆ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਉਸੇ ਤਰ੍ਹਾਂ ਲਟਕ ਰਹੀ ਹੈ। ਇਸ ਕਾਰਨ ਸ਼ਹਿਰ ਵਾਸੀ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਨਾਰਾਜ਼ ਹਨ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਨੂੰ ਵਾਰਡਾਂ ਵਿਚ ਉਮੀਦਵਾਰਾਂ ਦੀ ਘਾਟ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਵਿਚ ਆਪ ਵੱਲੋਂ ਕੋਈ ਧੱਕੇਸ਼ਾਹੀ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਇਸ ਦਾ ਡੱਟ ਕੇ ਮੁਕਾਬਲਾ ਕਰਨਗੇ। ਇਸ ਮੌਕੇ ਤੇਜਿੰਦਰ ਸਿੰਘ ਸੰਗਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਚਮਨਦੀਪ ਸਿੰਘ ਮਿਲਖੀ, ਪ੍ਰਿੰਸੀਪਲ ਨਰੇਸ਼ ਕੁਮਾਰ, ਜਤਿੰਦਰ ਸਿੰਘ (ਵਿੱਕੀ ਕੌਚ), ਸੱਜਣ ਰਾਮ, ਜੋਗੀ ਰਾਮ, ਸੰਦੀਪ ਸਿੰਘ, ਮੰਗਾ ਸਿੰਘ, ਹਰਜੀਤ ਸਿੰਘ ਮੌਜੂਦ ਸਨ।