ਡੱਲੇਵਾਲ ਤੇ ਪੰਧੇਰ 'ਚ ਆਪਸੀ ਸਹਿਮਤੀ ਨਹੀਂ, ਅੰਦੋਲਨ ਹੈ ਹੀ ਗ਼ਲਤ : ਰੁਲਦੂ ਸਿੰਘ ਮਾਨਸਾ

ਡੱਲੇਵਾਲ ਤੇ ਪੰਧੇਰ 'ਚ ਆਪਸੀ ਸਹਿਮਤੀ ਨਹੀਂ, ਅੰਦੋਲਨ ਹੈ ਹੀ ਗ਼ਲਤ : ਰੁਲਦੂ ਸਿੰਘ ਮਾਨਸਾ

 ਮਾਨਸਾ : ਡੱਲੇਵਾਲ ਅਤੇ ਪੰਧੇਰ ਦੀ ਆਪਸੀ ਕੋਈ ਸਹਿਮਤੀ ਨਹੀਂ ਕਿਉਂਕਿ ਇੱਕ ਮਰਨ ਵਰਤ 'ਤੇ ਬੈਠਾ ਹੈ ਦੂਜਾ ਜਥੇ ਰਵਾਨਾ ਕਰ ਰਿਹਾ ਹੈ। ਉਹ ਜੇ ਸਾਡੀ ਹਮਾਇਤ ਚਾਹੁੰਦੇ ਹਨ ਤਾਂ ਡੱਲੇਵਾਲ ਮਰਨ ਵਰਤ ਛੱਡ ਕੇ ਸਾਡੀਆਂ ਜਥੇਬੰਦੀਆਂ ਨਾਲ ਮੀਟਿੰਗ ਕਰੇ ਫਿਰ ਸੋਚਾਂਗੇ ਕਿ ਅੰਦੋਲਨ ਕਿਸ ਤਰ੍ਹਾਂ ਲੜਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਵੱਲੋਂ ਕੀਤਾ ਗਿਆ ਹੈ।ਦਿੱਲੀ ਵਾਲਿਆਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ ਸ਼ੰਬੂ ਅਤੇ ਖਨੋਰੀ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੌਰਾਨ ਡੱਲੇਵਾਲ ਮਰਨ ਵਰਤ 'ਤੇ ਬੈਠ ਕੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ ਪਰ ਦੂਸਰੇ ਪਾਸੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 2020 ਦੇ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਅੰਦੋਲਨ ਲੜਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਸੜਕਾਂ ਤੇ ਰੇਲਵੇ ਲਾਈਨਾਂ ਜਾਮ ਕੀਤੀਆਂ ਗਈਆਂ।ਮੋਟਰਸਾਈਕਲ, ਟਰੈਕਟਰ ਮਾਰਚ ਕੀਤੇ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਹੀ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਵੱਡੀ ਤਾਦਾਦ ਵਿੱਚ ਕਿਸਾਨ ਉਸ ਅੰਦੋਲਨ ਦੇ ਨਾਲ ਜੁੜੇ ਸਨ। ਅੱਗੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੇਰੇ ਖਿਆਲ ਨਾਲ ਇਹ ਅੰਦੋਲਨ ਹੁਣ ਗ਼ਲਤ ਸ਼ੁਰੂ ਕੀਤਾ ਗਿਆ ਹੈ ਇਹ ਅੰਦੋਲਨ ਕੇਂਦਰ ਸਰਕਾਰ ਦੇ ਖ਼ਿਲਾਫ਼ ਨਹੀਂ ਬਲਕਿ ਰਾਜ ਸਰਕਾਰਾਂ ਦੇ ਖ਼ਿਲਾਫ਼ ਲੜਨਾ ਚਾਹੀਦਾ ਸੀ।ਉਹਨਾਂ ਕਿਹਾ ਕਿ ਹੁਣ ਅੰਦੋਲਨ ਫਸ ਗਿਆ ਹੈ ਅਤੇ ਡੱਲੇਵਾਲ ਵੀ ਇਸ ਤੋਂ ਪਹਿਲਾਂ ਵੀ ਕਈ ਵਾਰ ਵਰਤ ਰੱਖ ਚੁੱਕੇ ਹਨ ਅਤੇ ਇਹ ਉਹਨਾਂ ਦਾ ਛੇਵਾਂ ਵਰਤ ਹੈ। ਉਹਨਾਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਮਨਵਾਉਣ ਦੇ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬਹੁਤ ਜਰੂਰੀ ਸੀ ਪਰ ਹੁਣ ਸਮਾਂ ਬੀਤ ਗਿਆ ਹੈ।