ਦਾਜ ਦਹੇਜ ਬਿਨਾਂ ਕੀਤੇ ਗਏ ਵਿਆਹ ’ਤੇ ਮੰਡੀ ਕਲਾਂ ਦੀ ਪੰਚਾਇਤ ਦੇਵੇਗੀ 11 ਹਜ਼ਾਰ ਰੁਪਏ ਦਾ ਸ਼ਗਨ
- ਪੰਜਾਬ
- 21 Jan,2025

ਬਠਿੰਡਾ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਪਿੰਡਾਂ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਅਤੇ ਪ੍ਰੇਰਣਾ ਸਦਕਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਵੀ ਨਿਵੇਕਲੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪੇਂਡੂ ਵਿਕਾਸ ਦੇ ਨਕਸੇ ’ਤੇ ਨੌਜਵਾਨ ਸਰਪੰਚਾਂ ਨੇ ਨਵੇਂ ਰੰਗ ਭਰਦਿਆਂ ਸਮਾਜਿਕ ਕੁਰੀਤੀਆ ਦੇ ਖਾਤਮੇ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ । ਇਨ੍ਹਾਂ ਨਵੇਂ ਪੋਜ ਦੇ ਸਰਪੰਚਾਂ ਨੇ ਰਿਵਾਇਤੀ ਵਿਕਾਸ ਤੋ ਲਾਂਭੇ ਹੁੰਦਿਆ ਪਿੰਡਾਂ ਨੂੰ ਨਵੇ ਸਮਾਜ ਦੀ ਸਿਰਜਣਾ ਵੱਲ ਮੋੜਿਆ ਹੈ। ਮੰਡੀ ਕਲਾਂ ਦੀ ਨੌਜਵਾਨ ਮਹਿਲਾ ਸਰਪੰਚ ਮਨਜਿੰਦਰ ਕੌਰ ਨੇ ਗ੍ਰਾਮ ਸਭਾ ਦੇ ਆਮ ਇਜਲਾਸ ’ਚ ਮਤਾ ਪਾਸ ਕਰ ਦਿੱਤਾ ਕਿ ਜੋ ਪਰਿਵਾਰ ਬਿਨਾਂ ਦਾਜ ਦਹੇਜ ਦੇ ਵਿਆਹ ਕਰੇਗਾ ਪੰਚਾਇਤ ਵੱਲੋ ਪਰਿਵਾਰ ਨੂੰ 11 ਹਜ਼ਾਰ ਰੁਪਏ ਦਾ ਸ਼ਗਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਮਰਗ ਦੇ ਭੋਗ 'ਤੇ ਜਲੇਬੀਆਂ ਪਕੌੜੇ ਬਣਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਗ੍ਰਾਮ ਸਭਾ ਦੇ ਮੈਬਰਾਂ ਦੀ ਪ੍ਰਵਾਨਗੀ ਨਾਲ ਫੈਸਲਾ ਲਿਆ ਗਿਆ ਕਿ ਹੁਣ ਕੋਠਿਆਂ 'ਤੇ ਸਪੀਕਰ ਨਹੀ ਵੱਜਣਗੇ ਅਤੇ ਡੀਜੇ ਲਾਉਣ ਦਾ ਸਮਾਂ ਰਾਤ ਦੇ 10 ਵਜੇ ਤੱਕ ਹੋਵੇਗਾ 'ਤੇ ਅਵਾਜ ਉੱਚੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਕਾਨ ਨੂੰ ਕਿਰਾਏ 'ਤੇ ਦੇਣ ਤੋਂ ਪਹਿਲਾਂ ਮਕਾਨ ਮਾਲਕ ਪੰਚਾਇਤ ਨੂੰ ਸੂਚਨਾ ਦੇਵੇਗਾ ਤਾਂ ਕਿ ਗਲਤ ਅਨਸਰ ਪਿੰਡ ਵਿਚ ਘੁਸਪੈਠ ਨਾ ਕਰ ਸਕਣ। ਨੰਬਰਦਾਰ ਤੇ ਪੰਚਾਇਤ ਵੱਲੋਂ ਨਸ਼ੇ ਵੇਚਣ ਵਾਲੇ ਤੇ ਚੋਰੀ ਕਰਨ ਵਾਲਿਆਂ ਦੀ ਜ਼ਮਾਨਤ ਨਹੀ ਕਰਵਾਈ ਜਾਵੇਗੀ। ਪਿੰਡ ਵਿਚ ਖੁਸੀ ਮੌਕੇ ਵਧਾਈ ਲੈਣ ਆਉਣ ਵਾਲੇ ਮਹੰਤਾਂ ਦੇ ਰੁਪਏ ਵੀ ਫਿਕਸ ਕਰ ਦਿੱਤੇ ਗਏ ਹਨ।ਇਸ ਤੋਂ ਇਲਾਵਾ ਹੋਰਨਾਂ ਫੈਸਲਿਆਂ ਵਿਚ ਦੁਕਾਨਦਾਰ ਚਾਈਨਾ ਡੋਰ, ਸਟਿੰਗ, ਕੂਲਿੱਪ ਨਹੀ ਵੇਚੇਗਾ ਚੋਰੀ ਦਾ ਸਾਮਾਨ ਤੇ ਗਹਿਣੇ ਵਗੈਰਾ ਲੈਣ ਵਾਲੇ ਤੇ ਕਾਰਵਾਈ ਹੋਵੇਗੀ ਅਤੇ ਪਿੰਡ ਦੀ ਹਦੂਦ ’ਚ ਉੱਚੀ ਆਵਾਜ਼ 'ਤੇ ਡੈਕ ਲਾਉਣ ਦੀ ਪਾਬੰਦੀ ਕਰ ਦਿੱਤੀ ਗਈ ਹੈ। ਇਨਾਂ ਫੈਸਲਿਆ ਦੇ ਖ਼ਿਲਾਫ਼ ਜਾਣ ਵਾਲਿਆਂ ਨੂੰ ਹੋਣਗੇ ਜੁਰਮਾਨੇ ਹੋਣਗੇ। ਇਸ ਮੌਕੇ ਆਮ ਇਜਲਾਸ ਦੀ ਮੀਟਿੰਗ ’ਚ ਚੇਅਰਪਰਸਨ ਮਨਜਿੰਦਰ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਦੇ ਲਈ 1 ਕਰੋੜ 40 ਲੱਖ ਰੁਪਏ ਦਾ ਅਗਲੇ ਵਰ੍ਹੇ ਦਾ ਅਨੁਮਾਨਿਤ ਬਜਟ ਪੇਸ ਕੀਤਾ ਤੇ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਮਗਨਰੇਗਾ ਦੇ ਏਪੀਓ ਮੈਡਮ ਸੰਦੀਪ ਕੌਰ ਨੇ ਨਰੇਗਾ ਅਧੀਨ ਹੋਣੇ ਵਾਲੇ ਕੰਮਾ ਦੀ ਜਾਣਕਾਰੀ ਸਾਂਝੀ ਕੀਤੀ। ਵਾਟਰ ਸਪਲਾਈ ਵਿਭਾਗ ਦੇ ਹਰਿੰਦਰ ਸਿੰਘ ਤੇ ਜੇਈ ਜਸਵੀਰ ਸਿੰਘ ਨੇ ਪਾਣੀ ਦੀ ਮਹਤੱਤਾਂ ਬਾਰੇ ਦੱਸਿਆਂ। ਇਸ ਮੌਕੇ ਪੰਚਾਇਤ ਸਕੱਤਰ ਸੇਵਾ ਸਿੰਘ ਪੰਚ, ਕੁਲਵਿੰਦਰ ਸਿੰਘ, ਲੀਲਾ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਆਗਿਆਪਾਲ ਸਿੰਘ, ਮਲਕੀਤ ਸਿੰਘ, ਜਗਦੀਪ ਸਿੰਘ, ਮਨਦੀਪ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ ਤੇ ਵੀਰਪਾਲ ਕੌਰ ਆਦਿ ਹਾਜ਼ਰ ਸਨ।
Posted By:

Leave a Reply