ਗੁ: ਸਿੰਘ ਸ਼ਹੀਦਾਂ ਵਿਖੇ ਸਫ਼ਰ-ਏ-ਸ਼ਹਾਦਤ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ

ਗੁ: ਸਿੰਘ ਸ਼ਹੀਦਾਂ ਵਿਖੇ ਸਫ਼ਰ-ਏ-ਸ਼ਹਾਦਤ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ

ਐੱਸਏਐੱਸ ਨਗਰ : ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ’ਚ ਸਫ਼ਰ-ਏ-ਸ਼ਹਾਦਤ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਦਿਨ ਸਵੇਰੇ 9:00 ਵਜੇ ਸਮੂਹ ਸ਼ਹੀਦਾਂ ਦੀ ਯਾਦ ’ਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਕੀਤਾ ਗਿਆ। ਇਸ ਗੁਰਮਤਿ ਸਮਾਗਮ ’ਚ ਭਾਈ ਪਰਵੀਨ ਸਿੰਘ ਪ੍ਰੀਤ ਨਰਾਇਣਗੜ੍ਹ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਸਰਬੰਸ ਦਾਨੀ ਦਸਮ ਪਿਤਾ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੁਆਰਾ ਧਰਮ ਦੀ ਖਾਤਰ ਛੋਟੀ ਉਮਰੇ ਦਿੱਤੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਜਾਣੂ ਕਰਵਾਇਆ। ਭਾਈ ਸਤਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਣ ਦਾ ਉਪਰਾਲਾ ਕੀਤਾ। ਭਾਈ ਜਰਨੈਲ ਸਿੰਘ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਮੂਗਲ ਹਕੁਮਤ ਸਮੇਂ ਧਰਮ ਦੀ ਰਾਖੀ ਲਈ ਆਰਿਆਂ ਨਾਲ ਚੀਰ ਕੇ, ਚਰਖੜੀਆਂ ’ਤੇ ਚਾੜ ਕੇ, ਬੰਦ ਬੰਦ ਕਟਵਾ ਕੇ, ਖੋਪਰੀ ਉਤਰਵਾ ਕੇ, ਸ਼ਹਾਦਤ ਪ੍ਰਾਪਤ ਕਰਨ ਵਾਲੇ ਮਰਜੀਵੜੇ ਸਿੰਘਾਂ ਬਾਰੇ ਵਿਸਥਾਰ ਸਾਹਿਤ ਸੁਣਾਇਆ। ਇਸ ਤੋਂ ਇਲਾਵਾ ਭਾਈ ਗੁਰਦਿੱਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ, ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ, ਸ਼ੇਰੇ ਪੰਜਾਬ ਕਵੀਸ਼ਰੀ ਜਥਾ, ਬਾਬਾ ਦੀਪ ਸਿੰਘ ਜੀ ਕਵੀਸ਼ਰੀ ਜੱਥਾ, ਭਾਈ ਗੁਰਦੀਪ ਸਿੰਘ, ਹਰਜੱਸ ਕੀਰਤਨੀ ਜੱਥਾ, ਅਕਾਲ ਕਵੀਸ਼ਰੀ ਜੱਥਾ, ਬੀਬੀ ਉਤੱਮਜੀਤ ਕੌਰ, ਭਾਈ ਅਮਰਜੀਤ ਸਿੰਘ ਖ਼ਾਲਸਾ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ । ਹਜ਼ਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ 28 ਦਸੰਬਰ ਨੂੰ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਸੇਵੇਰੇ 9 ਵਜੇ ਅਰੰਭ ਹੋਵੇਗਾ।