ਤਲਵੰਡੀ ਸਾਬੋ : ਪ੍ਰੋ.(ਡਾ.) ਇੰਦਰਜੀਤ ਸਿੰਘ ਉਪ ਕੁਲਪਤੀ ਦੀ ਪ੍ਰੇਰਣਾ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਚੱਲ ਰਹੇ ਖੇਡ ਮਹਾਂਕੁੰਭ ਦੇ ਤੀਜੇ ਪੜਾਅ ਵਿਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਫਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ-2024-25 (ਲੜਕਿਆਂ) ਦਾ ਸ਼ੁੱਭ ਆਰੰਭ ਓਲੰਪੀਅਨ ਪਹਿਲਵਾਨ ਸੁਨੀਲ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਅਬਜ਼ਰਵਰ ਡਾ. ਸੁਰੇਸ਼ ਮਲਿਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਨੇ ਪਹਿਲਾਵਾਨਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹ ਖੇਡਾਂ ਵਿਚ ਭਾਰਤ ਦਾ ਭਵਿੱਖ ਹਨ। ਭਾਰਤਵਾਸੀ ਆਉਣ ਵਾਲੀਆਂ ਏਸ਼ਿਆਈ ਅਤੇ ਓਲੰਪਿਕ ਖੇਡਾਂ ਵਿਚ ਉਨ੍ਹਾਂ ਤੋਂ ਤਗਮੇ ਦੀ ਉਮੀਦ ਕਰਦੇ ਹਨ। ਉਨ੍ਹਾਂ ਨੌਜਵਾਨ ਵਰਗ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡ ਮੈਦਾਨ ਵਿਚ ਇਮਾਨਦਾਰੀ ਨਾਲ ਲਗਾਤਾਰ ਅਭਿਆਸ ਕਰਨ ਦੀ ਸਲਾਹ ਦਿੱਤੀ ਅਤੇ ਚੈਂਪੀਅਨਸ਼ਿਪ ਵਿਚ ਖੇਡ ਭਾਵਨਾ ਅਤੇ ਅਨੁਸ਼ਾਸਨ ਵਿਚ ਰਹਿ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਸ਼ਾਨਦਾਰ ਖੇਡ ਲਈ ਮੇਜ਼ਬਾਨ ਟੀਮ ਅਤੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਭਾਰਤ ਦੀਆਂ 226 ਯੂਨੀਵਰਸਿਟੀਆਂ ਦੇ 1523 ਖਿਡਾਰੀ ਵੱਖ-ਵੱਖ ਭਾਰ ਵਰਗ ਵਿਚ ਜ਼ੋਰ ਅਜ਼ਮਾਇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਨਿਯਮ ਬੱਧ ਅਤੇ ਸਮੇਂ ਬੱਧ ਮੁਕਾਬਲੇ ਲਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਲਗਭਗ 50 ਅਧਿਕਾਰੀ, 250 ਤੋਂ ਜ਼ਿਆਦਾ ਕੋਚ, ਮੈਨੇਜ਼ਰ ਅਤੇ 300 ਵਲੰਟੀਅਰ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ। ਹੁਣ ਤੱਕ ਹੋਏ ਚੈਂਪੀਅਨਸ਼ਿਪ ਦੇ ਨਤੀਜਿਆਂ ਵਿਚ ਮੇਜ਼ਬਾਨ ਯੂਨੀਵਰਸਿਟੀ ਜੀਕੇਯੂ ਦੇ ਪਹਿਲਵਾਨਾਂ ਦਾ ਦਬਦਬਾ ਰਿਹਾ, ਜਿਨ੍ਹਾਂ ਵਿਚ ਕ੍ਰਮਵਾਰ ਮੇਜ਼ਬਾਨ ਟੀਮ ਦੇ ਪਹਿਲਵਾਨ 57 ਕਿੱਲੋ ਭਾਰ ਵਰਗ ਵਿਚ ਸਾਗਰ ਨੇ ਸ਼ੁਭਮ ਛੱਤਰਪਤੀ ਸ਼ਿਵਾਜੀ ਮਹਾਰਾਜ ਯੂਨੀਵਰਸਿਟੀ ਕਾਨਪੁਰ, 79 ਕਿੱਲੋ ਭਾਰ ਵਰਗ ਵਿਚ ਪਰਵਿੰਦਰ ਸਿੰਘ ਨੇ ਪੁਨੀਤ ਲਵਲੀ ਯੂਨੀਵਰਸਿਟੀ ਪੰਜਾਬ, 92 ਕਿੱਲੋ ਭਾਰ ਵਰਗ ਵਿਚ ਸਚਿਨ ਨੇ ਉਰਮੀਤ ਦਾਹੀਆ ਲੈਮਰੀਨ ਟੈਕਨੀਕਲ ਯੂਨੀਵਰਸਿਟੀ, ਪੰਜਾਬ ਨੂੰ ਹਰਾ ਕੇ ਸੋਨ ਤਗਮੇ ਜਿੱਤੇ। ਡਾ. ਬਲਵਿੰਦਰ ਕੁਮਾਰ ਸ਼ਰਮਾ, ਡੀਨ ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਇਨਾਮ ਵੰਡ ਸਮਾਰੋਹ ਬੁੱਧਵਾਰ ਨੂੰ ਹੋਵੇਗਾ, ਜਿਸ ਵਿਚ ਡਾ. ਇੰਦਰਜੀਤ ਸਿੰਘ ਉਪ ਕੁਲਪਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਯੁਵਾ ਵਰਗ ਨੂੰ ਖੇਡਾਂ ਅਤੇ ਸ਼ਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ਵਰਸਿਟੀ ਵੱਲੋਂ ਇਸ ਤਰ੍ਹਾਂ ਦੇ ਵੱਡੇ ਆਯੋਜਨ ਕੀਤੇ ਜਾਂਦੇ ਹਨ। ਚੈਂਪੀਅਨਸ਼ਿਪ ਵਿਚ 10 ਸੋਨ 10 ਚਾਂਦੀ ਅਤੇ 20 ਕਾਂਸੇ ਦੇ ਤਗਮੇ ਦਾਅ ’ਤੇ ਲੱਗੇ ਹਨ। ਇਲਾਕੇ ਦੇ ਨੌਜਵਾਨਾਂ ਵਿਚ ਇਸ ਖੇਡ ਮੇਲੇ ਪ੍ਰਤੀ ਖੂਬ ਉਤਸਾਹ ਵੇਖਿਆ ਜਾ ਰਿਹਾ ਹੈ।
Leave a Reply