ਬੱਗਾ ਕਲਾਂ 'ਚ ਕਾਰਪੋਰੇਟ ਘਰਾਣੇ ਵੱਲੋਂ ਉਸਾਰੀ ਜਾ ਰਹੀ ਗੈਸ ਫੈਕਟਰੀ ਦਾ ਕੰਮ ਰੁਕਵਾਉਣ ਦੇ ਮਾਮਲੇ 'ਚ ਕਿਸਾਨਾਂ ਨੂੰ ਘਰ 'ਚ ਕੀਤਾ ਨਜ਼ਰਬੰਦ

ਬੱਗਾ ਕਲਾਂ 'ਚ ਕਾਰਪੋਰੇਟ ਘਰਾਣੇ ਵੱਲੋਂ ਉਸਾਰੀ ਜਾ ਰਹੀ ਗੈਸ ਫੈਕਟਰੀ ਦਾ ਕੰਮ ਰੁਕਵਾਉਣ ਦੇ ਮਾਮਲੇ 'ਚ ਕਿਸਾਨਾਂ ਨੂੰ ਘਰ 'ਚ ਕੀਤਾ ਨਜ਼ਰਬੰਦ

ਲੁਧਿਆਣਾ : ਬੱਗਾ ਕਲਾਂ ਵਿਚ ਕਾਰਪੋਰੇਟ ਘਰਾਣੇ ਵਲੋਂ ਗੈਸ ਫੈਕਟਰੀ ਉਸਾਰੀ ਜਾ ਰਹੀ ਹੈ, ਨੂੰ ਬੰਦ ਕਰਵਾਉਣ ਲਈ ਇਲਾਕੇ ਦੇ ਲੋਕਾਂ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਲੋਕਾਂ ਵਲੋਂ ਪਿਛਲੇ ਦਿਨੀਂ ਫੈਕਟਰੀ ਦੇ ਮੁੱਖ ਲਾਂਘੇ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਫੈਕਟਰੀ ਦੀ ਉਸਾਰੀ ਦਾ ਸਾਰਾ ਕੰਮ ਠੱਪ ਹੋ ਗਿਆ ਸੀ ।

ਇਸ ਦੌਰਾਨ ਤਾਲਾ ਖੁੱਲ੍ਹਵਾਉਣਾ ਲਈ ਅਤੇ ਧਰਨੇ 'ਤੇ ਬੈਠੇ ਲੋਕਾਂ ਨੂੰ ਖਦੇੜਣ ਲਈ ਅੱਜ ਤੜਕੇ 5 ਵਜੇ ਦੇ ਕਰੀਬ ਪੁਲਿਸ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਦੀ ਘੇਰਾਬੰਦੀ ਕੀਤੀ ਗਈ ਅਤੇ ਫੈਕਟਰੀ ਨੂੰ ਲਗਾਇਆ ਗਿਆ ਤਾਲਾ ਖੋਲ੍ਹਿਆ ਗਿਆ। ਇਸ ਤੋਂ ਪਹਿਲਾਂ ਪੁਲਿਸ ਵਲੋਂ ਧਰਨਾਕਾਰੀਆਂ ਦੇ ਆਗੂਆਂ ਜਿਨ੍ਹਾਂ ਵਿਚ ਦਿਲਬਾਗ ਸਿੰਘ ਪ੍ਰਧਾਨ ਕਿਸਾਨ-ਮਜਦੂਰ ਯੂਨੀਅਨ ਪੰਜਾਬ, ਇੰਦਰਬੀਰ ਸਿੰਘ ਕਾਦੀਆਂ ਆਗੂ ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਸਮਾਜ ਸੇਵਕ ਜਸਵੀਰ ਸਿੰਘ ਨਾਮਧਾਰੀ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਜਿਸ ਪਿੱਛੋਂ ਲੋਕਾਂ ਵਿਚ ਭਾਰੀ ਰੋਹ ਫੈਲ ਗਿਆ ਹੈ ਅਤੇ ਫੈਕਟਰੀ ਅੱਗੇ ਲੋਕਾਂ ਦਾ ਵੱਡਾ ਹਜ਼ੂਮ ਮੁੜ ਇਕੱਠਾ ਹੋ ਗਿਆ ਹੈ। ਇਸ ਮੌਕੇ ਕਿਸਾਨ-ਮਜਦੂਰ ਆਗੂ ਜਸਪਾਲ ਸਿੰਘ ਨੂਰਪੁਰ ਬੇਟ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਕਾਰਨ ਲੋਕਾਂ ਵਿਚ ਹੋਰ ਰੋਹ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਦਾ ਖੌਅ ਬਣਨ ਵਾਲੀ ਫੈਕਟਰੀ ਨੂੰ ਕਿਸੇ ਵੀ ਕੀਮਤ 'ਤੇ ਬਣਨ ਨਹੀਂ ਦੇਣਗੇ।