ਪਿੰਡ ਬਖਤਪੁਰ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੋਲਕ ਚੋਰੀ

ਪਿੰਡ ਬਖਤਪੁਰ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੋਲਕ ਚੋਰੀ

ਗੁਰਦਾਸਪੁਰ: ਤਿੱਬੜ ਥਾਣਾ ਅਧੀਨ ਪੈਂਦੇ ਪਿੰਡ ਬਖਤਪੁਰ ਵਿੱਚ ਮੰਗਲਵਾਰ ਰਾਤ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰ ਲਈ। ਚੜ੍ਹਦੀ ਪੱਤੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕਸ਼ਮੀਰ ਸਿੰਘ ਅਤੇ ਸਰਦੂਲ ਸਿੰਘ ਨੇ ਦੱਸਿਆ ਕਿ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਬੁੱਧਵਾਰ ਨੂੰ ਪਹਿਲੀ ਪ੍ਰਭਾਤ ਫੇਰੀ ਕੱਢੀ ਜਾਣੀ ਸੀ। ਜਦੋਂ ਤੜਕੇ ਤਿੰਨ ਵਜੇ ਗ੍ਰੰਥੀ ਸਿੰਘ ਭਾਈ ਕਸ਼ਮੀਰ ਸਿੰਘ ਨੇ ਬਾਹਰਲਾ ਗੇਟ ਖੋਲ੍ਹ ਕੇ ਅੰਦਰ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਅਤੇ ਗੁਰੂ ਦੀ ਗੋਲਕ ਗਾਇਬ ਸੀ। ਚੋਰਾਂ ਨੇ ਬਾਹਰਲੀ ਦੀਵਾਰ ਤੇ ਚੜ੍ਹ ਕੇ, ਬੜੀ ਚਲਾਕੀ ਨਾਲ ਕੁੰਡੀ ਦੇ ਤਾਲੇ ਨੂੰ ਕੱਟ ਕੇ ਅਤੇ ਆਪਣੇ ਨਾਲ ਲਿਆਂਦੀ ਤਿੱਖੀ ਰਾਡ ਨਾਲ ਅੰਦਰਲੇ ਦਰਵਾਜ਼ੇ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਗੋਲਕ ਚੋਂ ਪੈਸੇ ਕੱਢਣ ਦੀ ਬਜਾਏ ਗੋਲਕ ਹੀ ਆਪਣੇ ਨਾਲ ਲੈ ਗਏ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ, ਬਲਜੀਤ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਕ੍ਰਿਪਾਲ ਸਿੰਘ, ਜਸਬੀਰ ਸਿੰਘ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰੂ ਘਰ ’ਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।