ਭਾਗੂ ਰੋਡ ਨੂੰ ਚੌੜਾ ਕਰਨ ਦਾ ਪ੍ਰਸਤਾਵ ਮਨਜੂਰ ਕਰਨ ’ਤੇ ਡੀਸੀ ਤੇ ਕਮਿਸ਼ਨਰ ਦਾ ਕੀਤਾ ਧੰਨਵਾਦ
- ਪੰਜਾਬ
- 24 Dec,2024

ਬਠਿੰਡਾ : ਮੰਗਲਵਾਰ ਨੂੰ ਸਥਾਨਕ ਭਾਗੂ ਰੋਡ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਨਿਗਮ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮਿਲ ਕੇ ਸ਼ਹਿਰ ਦੀ ਭਾਗੂ ਰੋਡ ਨੂੰ 40 ਤੋਂ 60 ਫੁੱਟ ਚੌੜਾ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇਣ ਅਤੇ 30 ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਲੋਕਾਂ ਨੇ ਡੀਸੀ ਅਤੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਸੜਕ ਨੂੰ ਚੌੜਾ ਕਰਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਭਾਗੂ ਰੋਡ, ਮਾਡਲ ਟਾਊਨ ਫੇਸ, ਸ਼ਾਂਤ ਨਗਰ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਟ੍ਰੈਫਿਕ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਭਾਗੂ ਰੋਡ ਦੀ ਮਹਿਲਾ ਕੌਂਸਲਰ ਮਨਜੀਤ ਕੌਰ ਦੇ ਪਤੀ ਟਹਿਲ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਭਾਗੂ ਰੋਡ ’ਤੇ ਸਥਿਤ 21 ਗਲੀਆਂ ਵਿਚ ਰਹਿੰਦੇ ਸੈਂਕੜੇ ਲੋਕਾਂ ਤੋਂ ਇਲਾਵਾ ਰਿਹਾਇਸ਼ੀ ਖੇਤਰ ਦੇ ਲੋਕ ਵੀ ਇਸ ਸੜਕ ਨੂੰ ਚੌੜਾ ਕਰਨ ਦੇ ਹੱਕ ਵਿਚ ਹਨ। ਸਥਾਨਕ ਲੋਕਾਂ ਦੀ ਮੰਗ ’ਤੇ ਉਨ੍ਹਾਂ ਇਸ ਸੜਕ ਨੂੰ ਚੌੜਾ ਕਰਨ ਦੀ ਤਜਵੀਜ਼ ਨਗਰ ਨਿਗਮ ਦੇ ਜਨਰਲ ਹਾਊਸ ਤੋਂ ਮਨਜ਼ੂਰ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਿਗਮ ਤੇ ਪ੍ਰਸ਼ਾਸਨ ਜਲਦੀ ਤੋਂ ਜਲਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰਵਾ ਕੇ ਸਥਾਨਕ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇ। ਭਾਗੂ ਰੋਡ ਦੇ ਸਾਰੇ ਲੋਕ ਪ੍ਰਸ਼ਾਸਨ ਅਤੇ ਨਿਗਮ ਦੇ ਨਾਲ ਹਨ। ਭਾਗੂ ਰੋਡ ’ਤੇ 21 ਗਲੀਆਂ ਹਨ, ਜਿਨ੍ਹਾਂ ਵਿਚ ਸੈਂਕੜੇ ਰਿਹਾਇਸ਼ੀ ਘਰ ਹਨ ਅਤੇ ਹਰ ਕੋਈ ਚਾਹੁੰਦਾ ਹੈ ਕਿ ਭਾਗੂ ਰੋਡ ਨੂੰ ਚੌੜਾ ਕੀਤਾ ਜਾਵੇ। ਭਾਗੂ ਰੋਡ ਦੇ ਵਸਨੀਕ ਵਿਨੋਦ ਬਾਂਸਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਲੋਕਾਂ ਦੀ ਸਹੂਲਤ ਲਈ ਸੜਕ ਨੂੰ ਚੌੜਾ ਕਰਨਾ ਚਾਹੁੰਦਾ ਹੈ ਪਰ ਕੁਝ ਲੋਕ ਆਪਣੇ ਹਿੱਤਾਂ ਲਈ ਇਸ ਦਾ ਵਿਰੋਧ ਕਰ ਰਹੇ ਹਨ, ਜਿਸ ਕਾਰਨ ਇਹ ਯੋਜਨਾ ਲਗਾਤਾਰ ਠੱਪ ਹੋ ਰਹੀ ਹੈ। ਉਨ੍ਹਾਂ ਇਸ ਮਾਮਲੇ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੂੰ ਵੀ ਇਸ ਸਕੀਮ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।
Posted By:

Leave a Reply