ਡਿਪੋਰਟ ਕੀਤੇ ਗਏ ਭਾਰਤੀ ਪਰਵਾਸੀਆਂ ਦਾ ਅਪਰਾਧਿਕ ਰਿਕਾਰਡ ਜਾਂਚਿਆ ਜਾਵੇਗਾ: ਡੀਜੀਪੀ

ਡਿਪੋਰਟ ਕੀਤੇ ਗਏ ਭਾਰਤੀ ਪਰਵਾਸੀਆਂ ਦਾ ਅਪਰਾਧਿਕ ਰਿਕਾਰਡ ਜਾਂਚਿਆ ਜਾਵੇਗਾ: ਡੀਜੀਪੀ

ਚੰਡੀਗੜ੍ਹ : ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨਾਲ ਪੰਜਾਬ ਸਰਕਾਰ ਤੇ ਪੁਲੀਸ ਨਰਮੀ ਨਾਲ ਪੇਸ਼ ਆਵੇਗੀ ਤੇ ਦੋਸਤਾਨਾ ਰਵੱਈਆ ਰੱਖੇਗੀ ਪਰ ਪੁਲੀਸ ਵਲੋਂ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਜਾਂਚਿਆ ਜਾਵੇਗਾ ਤੇ ਉਸ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਪਰਵਾਸੀਆਂ ਦੇ ਭਲਕੇ ਅੰਮ੍ਰਿਤਸਰ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਭਾਰਤ ਲਈ ਰਵਾਨਾ ਹੋ ਚੁੱਕਾ ਹੈ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਡਿਪੋਰਟ ਕੀਤੇ ਗਏ ਪਰਵਾਸੀ ਤੋਂ ਉਨ੍ਹਾਂ ਦੇ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਪਿਛੋਕੜ ਦੇ ਵੇਰਵੇ ਹਾਸਲ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਇਹ ਵਿਅਕਤੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਬਾਰੇ ਅਸਲ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ ਜਿਸ ਰਾਹੀਂ ਪਤਾ ਲੱਗੇਗਾ ਕਿ ਡੰਕੀ ਰੂਟ ਜ਼ਰੀਏ ਟਰੈਵਲ ਏਜੰਟ ਲੋਕਾਂ ਨੂੰ ਕਿਵੇਂ ਲੁੱਟਦੇ ਹਨ।

ਇਸ ਤੋਂ ਪਹਿਲਾਂ ਪੱਤਰਕਾਰਾਂ ਨੇ ਡੀਜੀਪੀ ਨੂੰ ਜਦੋਂ ਪੁੱਛਿਆ ਕਿ ਪੁਲੀਸ ਅਮਰੀਕਾ ਤੋਂ ਡਿਪੋਰਟ ਕੀਤੇ ਗਏ 200 ਤੋਂ ਵੱਧ ਗੈਰਕਾਨੂੰਨੀ ਪਰਵਾਸੀਆਂ ਨਾਲ ਕਿਵੇਂ ਨਜਿੱਠੇਗੀ ਜੋ ਇੱਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਆ ਰਹੇ ਹਨ। ਡੀਜੀਪੀ ਯਾਦਵ ਨੇ ਕਿਹਾ, ‘ਸਾਨੂੰ ਹਾਲੇ ਉਨ੍ਹਾਂ ਦੀ ਪਛਾਣ ਅਤੇ ਉਨ੍ਹਾਂ ਦੇ ਕੇਸਾਂ ਬਾਰੇ ਪਤਾ ਨਹੀਂ ਹੈ ਪਰ ਅਸੀਂ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹਾਂ।’ ਇਸ ਤੋਂ ਇਲਾਵਾ ਪੁਲੀਸ ਦੀਆਂ ਕੇਂਦਰੀ ਏਜੰਸੀਆਂ ਵੱਲੋਂ ਭਲਕ ਸਵੇਰੇ 8 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਵੇਲੇ ਪਰਵਾਸੀਆਂ ਤੋਂ ਪੁੱਛਗਿੱਛ ਕਰਨ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਵੀ ਸੰਭਾਵਨਾ ਹੈ।