ਡਾਕਟਰ ਅਨਾਮਿਕਾ ਸ਼ਰਮਾ ਦਾ ਵਿਸ਼ੇਸ਼ ਸਨਮਾਨ

ਡਾਕਟਰ ਅਨਾਮਿਕਾ ਸ਼ਰਮਾ ਦਾ ਵਿਸ਼ੇਸ਼ ਸਨਮਾਨ

ਰਾਮਪੁਰਾ ਫੂਲ : ਬੀਤੇ ਦਿਨ ਇਤਿਹਾਸਿਕ ਨਗਰ ਚਾਉਕੇ ਵਿਖੇ ਧੰਨ ਧੰਨ ਬਾਬਾ ਦੁੱਨਾ ਜੀ ਨੂੰ ਸਮਰਪਿਤ 32ਵਾਂ ਕਬੱਡੀ ਕੱਪ ਸਮੂਹ ਗ੍ਰਾਮ ਪੰਚਾਇਤ ਚਾਉਕੇ ਦੀ ਨਿਗਰਾਨੀ ਹੇਠ ਕਰਵਾਇਆ ਗਿਆ, ਜਿਸ ਵਿਚ ਸਥਾਨਕ ਨਗਰ ਨਾਲ ਸਬੰਧਤ ਵੱਖ ਵੱਖ ਫੀਲਡਾਂ ਵਿਚ ਪਿੰਡ ਦਾ ਨਾਮ ਉੱਚਾ ਕਰਨ ਵਾਲੀਆਂ ਖਾਸ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਲੜੀ ਤਹਿਤ ਫਰੀਦਕੋਟ ਵਿਖੇ ਸਰਕਾਰੀ ਹਸਪਤਾਲ ਵਿਚ ਤਇਨਾਤ ਡਾਕਟਰ ਅਨਾਮਿਕਾ ਸ਼ਰਮਾ (ਐੱਮਡੀ) ਸਪੁੱਤਰੀ ਡਾ. ਕੀਰਤੀ ਸ਼ਰਮਾ ਚਾਉਕੇ ਦਾ ਵਿਸ਼ੇਸ਼ ਸਨਮਾਨ ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਮਾਨ ਵੱਲੋਂ ਸਮੂਹ ਗ੍ਰਾਮ ਪੰਚਾਇਤ ਨੂੰ ਨਾਲ ਲੈ ਕੇ ਕੀਤਾ ਗਿਆ। ਇਸ ਮੌਕੇ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਅਨਾਮਿਕਾ ਸ਼ਰਮਾ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਲਈ ਉਹ ਆਪਣੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਦਾ ਰਿਣੀ ਰਹਿਣਗੇ ਅਤੇ ਜੇਕਰ ਕਦੇ ਵੀ ਚਾਉਕੇ ਪਿੰਡ ਦੇ ਕਿਸੇ ਵਸਨੀਕ ਨੂੰ ਇਲਾਜ ਸਬੰਧੀ ਮੇਰੀ ਜ਼ਰੂਰਤ ਪੈਂਦੀ ਹੈ ਤਾਂ ਉਹ ਹਰ ਵਕਤ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹਨ। ਇਸ ਦੌਰਾਨ ਅਨਾਮਿਕਾ ਸ਼ਰਮਾ ਦੇ ਪਿਤਾ ਡਾਕਟਰ ਕੀਰਤੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ, ਜਿਸ ਨੇ ਪਰਿਵਾਰ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਜਮਾਨੇ ਵਿਚ ਬੇਟੀਆਂ ਕਿਸੇ ਵੀ ਦਰਜੇ ਵਿਚ ਬੇਟਿਆਂ ਨਾਲੋਂ ਘੱਟ ਨਹੀਂ ਹਨ ਅਤੇ ਜੇਕਰ ਆਪਾਂ ਆਪਣੀਆਂ ਧੀਆਂ ਨੂੰ ਪੜ੍ਹਾਈ ਦੇ ਪੂਰੇ ਮੌਕੇ ਦੇਵਾਂਗੇ ਤਾਂ ਉਹ ਜਰੂਰ ਤਰੱਕੀ ਕਰਨਗੀਆਂ ਜਿਸ ਨਾਲ ਪੂਰੇ ਪਰਿਵਾਰ, ਸਮਾਜ ਤੇ ਇਲਾਕੇ ਦਾ ਨਾਮ ਰੌਸ਼ਨ ਹੋਵੇਗਾ। ਇਸ ਮੌਕੇ ਗੁਰਦੀਪ ਸਿੰਘ ਮਾਨ, ਗਮਦੂਰ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਨੰਬਰਦਾਰ ਅਤੇ ਗੁਰਪ੍ਰੀਤ ਸਿੰਘ ਗੋਲਡੀ ਮਾਨ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਆਦਿ ਮੌਜੂਦ ਸਨ।