ਐੱਸਏਐੱਸ ਨਗਰ : ਦੇਸ਼ ਭਰ ’ਚ 31 ਜਨਵਰੀ ਤਕ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਾਹ ਤਹਿਤ ਵੀਰਵਾਰ ਨੂੰ ਐੱਮਵੀਆਈ ਦਫ਼ਤਰ ਭਾਗੋ ਮਾਜਰਾ ਵਿਖੇ ਪਾਸਿੰਗ ਕਰਵਾਉਣ ਆਏ ਡਰਾਇਵਰਾਂ ਅਤੇ ਆਮ ਲੋਕਾਂ ਨਾਲ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਹ ਜਾਗਰੂਕਤਾ ਸੈਮੀਨਾਰ ਖੇਤਰੀ ਟਰਾਂਸਪੋਰਟ ਅਫ਼ਸਰ, ਮੁਹਾਲੀ, ਪਰਦੀਪ ਸਿੰਘ ਢਿੱਲੋਂ ਦੀ ਅਗਵਾਈ ’ਚ ਰਣਪ੍ਰੀਤ ਸਿੰਘ ਭਿਉਰਾ (ਐੱਸਟੀਏਪੀਬੀ 01), ਕੁਲਜੀਤ ਕਟੋਚ (ਐੱਮਵੀਆਈ), ਏਐੱਸਆਈ ਜਨਕ ਰਾਜ ਇੰਚਾਰਜ ਟ੍ਰੈਫਿਕ ਸਿੱਖਿਆ ਸੈੱਲ ਅਤੇ ਵਾਈਡ ਰੋਡ ਐਕਸੀਡੈਂਟ ਤੋਂ ਹਰਪ੍ਰੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਨਾਲ ਮਿਲ ਕੇ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਦੇ ਸਬੰਧ ’ਚ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਏਐੱਸਆਈ ਜਨਕ ਰਾਜ ਵੱਲੋਂ ਟ੍ਰੈਫਿਕ ਨਿਯਮ ਬਾਰੇ, ਦੁਪੱਹੀਆ ਚਲਾਉਂਦੇ ਸਮੇਂ ਲੜਕੇ ਅਤੇ ਲੜਕੀਆਂ ਨੂੰ ਹੈਲਮਟ ਪਾਉਣ ਬਾਰੇ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਨਾ ਚਲਾਉਣ ਬਾਰੇ, ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ ਦੱਸਿਆ ਗਿਆ। ਹਰਪ੍ਰੀਤ ਸਿੰਘ ਵਲੋਂ ਗੁੱਡ ਸਮਾਟੀਅਨ ਕਾਨੂੰਨ ਬਾਰੇ ਅਤੇ ਤੇਜ਼ ਰਫ਼ਤਾਰ ਵਾਹਨ ਨਾ ਚਲਾਉਣ ਬਾਰੇ ਅਤੇ ਸਕੂਲ ਏਰੀਆ ਦੇ ਬਾਹਰ 25 ਕਿਲੋਮੀਟਰ ਦੀ ਸਪੀਡ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਪਰਦੀਪ ਸਿੰਘ ਢਿੱਲੋਂ ਅਤੇ ਰਣਪ੍ਰੀਤ ਸਿੰਘ ਭਿਉਰਾ ਵੱਲੋਂ ਲਾਇਸੈਂਸ ਪ੍ਰਣਾਲੀ ਅਤੇ ਰਜਿਸਟਰੇਸ਼ਨ ਬਾਰੇ, ਜੋ ਸਰਕਾਰ ਵੱਲੋਂ ਨਵੀਆਂ ਸੋਧਾਂ ਕੀਤੀਆਂ ਗਈਆਂ ਹਨ, ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ 50 ਅੱਗ ਬੁਝਾਓ ਸਲੰਡਰ ਅਤੇ 50 ਫ਼ਸਟ ਏਡ ਕਿੱਟਾਂ ਵੰਡੀਆਂ ਗਈਆਂ ਤਾਂ ਜੋ ਲੋੜ ਪੈਣ ਸਮੇਂ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਟਰੱਕ, ਟਰੈਕਟਰ-ਟਰਾਲੀਆਂ, ਪਿੱਕ-ਅੱਪ, ਸਾਇਕਲ, ਆਟੋ, ਸਕੂਲ ਬੱਸਾਂ ’ਤੇ ਮੁਫ਼ਤ ਰਿਫਲੈਕਟਿਵ ਟੇਪਾਂ ਲਗਾਈਆਂ ਗਈਆਂ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਐਕਸੀਡੈਂਟ ਸਮੇਂ ਅਤੇ ਟ੍ਰੈਫਿਕ ਕੰਟਰੋਲ ਕਰਨ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਗਿਆ। ਐਮਰਜੈਂਸੀ ਸਮੇਂ ਪੁਲਿਸ ਕੰਟਰੋਲ ਰੂਪ ਦੇ ਫੋਨ ਨੰਬਰ 112 ਬਾਰੇ ਵੀ ਜਾਗਰੂਕ ਕੀਤਾ ਗਿਆ।
Leave a Reply