ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਵਾਤਾਵਰਨ ਪੱਖੀ ਖੇਤੀ ਸਬੰਧੀ ਕਿਤਾਬਾਂ ਰਿਲੀਜ਼

ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਵਾਤਾਵਰਨ ਪੱਖੀ ਖੇਤੀ ਸਬੰਧੀ ਕਿਤਾਬਾਂ ਰਿਲੀਜ਼

ਤਲਵੰਡੀ ਸਾਬੋ : ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਅਤੇ ਵਾਤਾਵਰਨ ਪੱਖੀ ਖੇਤੀਬਾੜੀ ਦਾ ਹੌਕਾ ਦੇਣ ਵਾਲੀਆਂ ਡਾ. ਬਹਾਦਰਜੀਤ ਸਿੰਘ, ਡਾ. ਅਮਨਪ੍ਰੀਤ ਸਿੰਘ, ਡਾ. ਕ੍ਰਿਸ਼ਨ ਕੁਮਾਰ ਤੇ ਡਾ. ਬਬਲੀ ਵੱਲੋਂ ਲਿਖਿਤ ਕਿਤਾਬਾਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਵਿਚ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਸੁਖਰਾਜ ਸਿੰਘ ਸਿੱਧੂ ਐੱਮਡੀ, ਪ੍ਰੋ. ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ, ਡਾ. ਵਰਿੰਦਰ ਸਿੰਘ ਪਾਹਿਲ ਐਡਵਾਈਜ਼ਰ ਟੂ ਚਾਂਸਲਰ, ਡਾ. ਜਗਤਾਰ ਸਿੰਘ ਧੀਮਾਨ, ਡਾ. ਅੰਮ੍ਰਿਤਪਾਲ ਸਿੰਘ ਡੀਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਿਤਾਬ ਰਿਲੀਜ਼ ਮੌਕੇ ਚਾਂਸਲਰ ਸਿੱਧੂ ਨੇ ਕਿਹਾ ਕਿ ਪੰਜਾਬ ਭਾਰਤ ਦੇ ਅੰਨ ਦਾ ਕਟੋਰਾ ਹੈ, ਭਾਰਤ ਦੇ ਕੇਂਦਰੀ ਪੂਲ ਵਿਚ ਪੰਜਾਬ ਵੱਲੋਂ ਸਭ ਤੋਂ ਵੱਧ ਚਾਵਲ ਦਾ ਯੋਗਦਾਨ ਹੈ, ਪਰ ਹੁਣ ਸਮੇਂ ਦੀ ਲੋੜ ਅਨੁਸਾਰ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਵਾਤਾਵਰਨ ਪੱਖੀ ਖੇਤੀ ਲਈ ਬਦਲਵੇਂ ਫ਼ਸਲੀ ਚੱਕਰ ਅਤੇ ਨਕਦੀ ਫ਼ਸਲਾਂ ਵੱਲ ਕਿਸਾਨਾਂ ਨੂੰ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਤਾਬਾਂ ਵਿਚ ਇਸ ਖੇਤਰ ਦੇ ਸੁਧਾਰ ਲਈ ਦਿੱਤੇ ਸੁਝਾਵਾਂ ਅਤੇ ਨਵੀਆਂ ਸੰਭਾਵਨਾਵਾਂ ਲਈ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਖੇਤੀ ਖੋਜ ਦੇ ਖੇਤਰ ਵਿਚ ਹੋਰ ਕਾਢਾਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਵਰਮਾ ਨੇ ਜੀਕੇਯੂ ਵਿਖੇ ਆਈਸੀਏਆਰ ਵੱਲੋਂ ਕਰਵਾਈ ਅੰਤਰਰਾਸ਼ਟਰੀ ਖੇਤੀਬਾੜੀ ਕਾਨਫਰੈਂਸ ਸੀਟਾਸ-2024 ਸਬੰਧੀ ਕਾਰਜਾਂ ਨੂੰ ਲੇਖਕਾਂ ਵੱਲੋਂ ਇਕ ਖੂਬਸੂਰਤ ਦਸਤਾਵੇਜ ਵਿਚ ਪਰੋਣ ਲਈ ਲੇਖਕਾਂ ਨੂੰ ਵਧਾਈ ਦਿੱਤੀ। ਡਾ. ਪਾਹਿਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਾਨਫਰੈਂਸ ਲਈ ’ਵਰਸਿਟੀ ਨੂੰ ਆਈਸੀਏਆਰ ਵੱਲੋਂ ਵਿਸ਼ੇਸ਼ ਗ੍ਰਾਂਟ ਹਾਸਲ ਹੋਈ ਸੀ ਅਤੇ ਇਸ ਵਿਚ ਦੇਸ਼ ਵਿਦੇਸ਼ ਦੇ ਖੇਤੀ ਵਿਗਿਆਨੀਆਂ, ਮਾਹਿਰਾਂ ਤੋਂ ਇਲਾਵਾ ਲਗਪਗ 1000 ਡੈਲੀਗੇਟਸ ਨੇ ਸ਼ਿਰਕਤ ਕੀਤੀ ਤੇ ਇਸ ਵਿਚ 200 ਦੇ ਕਰੀਬ ਐਬਸਟਰੈਕਟ ਪਬਲਿਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਕਿਤਾਬਾਂ ਖੇਤੀ ਦੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਸ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੀਆਂ ਹਨ। ਡਾ. ਅੰਮ੍ਰਿਤਪਾਲ ਨੇ ਸਮੇਂ ਦੀ ਲੋੜ ਅਨੁਸਾਰ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਈ ਰੱਖਣ ਲਈ ਲੇਖਕਾਂ ਵੱਲੋਂ ਖੇਤੀ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਅਤੇ ਪਰਾਲੀ ਪ੍ਰਬੰਧਨ ਲਈ ਦੱਸੇ ਗਏ ਨੁਕਤਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਿਤਾਬਾਂ ਅਗਾਂਹਵਧੂ ਕਿਸਾਨਾਂ ਨੂੰ ਸਬਜ਼ੀਆਂ, ਫਲ ਆਦਿ ਦੀ ਸਫ਼ਲ ਕਾਸ਼ਤ ਅਤੇ ਹਵਾ ਦੀ ਗੁਣਵੱਤਾ ਬਣਾਈ ਰੱਖਣ ਵਿਚ ਸਹਾਈ ਹੋਣਗੀਆਂ। ਸਭਨਾਂ ਦੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਨਾਲ ਇਹ ਸਮਾਗਮ ਸਮਾਪਤ ਹੋਇਆ।