ਫ਼ਰੀਦਕੋਟ ਦੀ ਗਊਸ਼ਾਲਾ ’ਚ ਪੰਛੀਆਂ ਦੀ ਮਾੜੀ ਹਾਲਤ ਦਾ ਮਸਲਾ ਭਖਿਆ,ਪ੍ਰਬੰਧਕਾਂ ਨੂੰ ਮਿਲਣ ਪੁੱਜੇ ਪੰਛੀਆਂ ਨੂੰ ਸਮਰਪਿਤ ਸੰਸਥਾ

ਫ਼ਰੀਦਕੋਟ ਦੀ ਗਊਸ਼ਾਲਾ ’ਚ ਪੰਛੀਆਂ ਦੀ ਮਾੜੀ ਹਾਲਤ ਦਾ ਮਸਲਾ ਭਖਿਆ,ਪ੍ਰਬੰਧਕਾਂ ਨੂੰ ਮਿਲਣ ਪੁੱਜੇ ਪੰਛੀਆਂ ਨੂੰ ਸਮਰਪਿਤ ਸੰਸਥਾ

ਫਰੀਦਕੋਟ : ਫ਼ਰੀਦਕੋਟ ਦੀ ਗਊਸ਼ਾਲਾ ਅਨੰਦੇਆਣਾ ਗੇਟ ਵਿਖੇ ਪੰਛੀਆਂ ਨੂੰ ਮਾੜੀ ਹਾਲਤ ’ਚ ਰੱਖੇ ਜਾਣ ਦੇ ਮਾਮਲੇ ਨੂੰ ਲੈ ਕੇ ਪੰਛੀਆਂ ਨੂੰ ਸਮਰਪਿਤ ਸੰਸਥਾ ਮਾਸੂਮ ਪਰਵਾਜ਼ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਗਊਸ਼ਾਲਾ ਵਿਖੇ ਪੁੱਜੇ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਇਸ ਗਊਸ਼ਾਲਾ ’ਚ ਪ੍ਰਬੰਧਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੀ ਇੱਕ ਵੱਡੇ ਪਿੰਜਰੇ ’ਚ ਕਬੂਤਰ ਅਤੇ ਤੋਤੇ ਸਮੇਤ ਹੋਰ ਪੰਛੀਆਂ ਨੂੰ ਰੱਖਿਆ ਜਾ ਰਿਹਾ ਹੈ ਜਿੱਥੇ ਕਿ ਉਨ੍ਹਾਂ ਦੀ ਸਹੀ ਢੰਗ ਦੇ ਨਾਲ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ।

ਕੁਝ ਦਿਨ ਪਹਿਲਾਂ ਹੀ ਪੰਛੀਆਂ ਦੀ ਮਾੜੀ ਹਾਲਤ ਦੇ ਬਾਰੇ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੰਛੀਆਂ ਨੂੰ ਸਮਰਪਿਤ ਸੰਸਥਾ ਮਾਸੂਮ ਪਰਵਾਜ਼ ਵੈਲਫੇਅਰ ਸੁਸਾਇਟੀ ਦੇ ਕਨਵੀਨਰ ਸ਼ੰਕਰ ਸ਼ਰਮਾ ਆਪਣੇ ਸਾਥੀਆਂ ਦੇ ਨਾਲ ਗਊਸ਼ਾਲਾ ਵਿਖੇ ਪੁੱਜੇ। ਉਨ੍ਹਾਂ ਨੇ ਪੰਛੀਆਂ ਦੀ ਮਾੜੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ’ਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਪੰਛੀਆਂ ਦੀ ਸਹੀ ਢੰਗ ਦੇ ਨਾਲ ਸਾਂਭ ਸੰਭਾਲ ਕੀਤੀ ਜਾਵੇ ਅਤੇ ਜੇਕਰ ਉਹ ਸਾਂਭ ਸੰਭਾਲ ਨਹੀਂ ਕਰ ਸਕਦੇ ਤਾਂ ਇਨ੍ਹਾਂ ਪੰਛੀਆਂ ਨੂੰ ਛੱਡ ਦਿੱਤਾ ਜਾਵੇ।

ਇਸ ਮਾਮਲੇ ’ਚ ਗੱਲਬਾਤ ਕਰਦੇ ਹੋਏ ਗਊਸ਼ਾਲਾ ਦੇ ਪ੍ਰਬੰਧਕ ਯੋਗੇਸ਼ ਗਰਗ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਪੰਛੀਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਭਵਿੱਖ ’ਚ ਇਸ ਵੱਲ ਹੋਰ ਵਧੀਆ ਢੰਗ ਦੇ ਨਾਲ ਧਿਆਨ ਦਿੱਤਾ ਜਾਵੇਗਾ। ਜੇਕਰ ਫਿਰ ਵੀ ਹਾਲਾਤ ਨਾ ਸੁਧਰੇ ਤਾਂ ਉਹ ਪੰਛੀਆਂ ਨੂੰ ਛੱਡਣ ਲਈ ਤਿਆਰ ਹਨ।

ਇਸ ਮਾਮਲੇ ’ਚ ਸ਼ੰਕਰ ਸ਼ਰਮਾ ਕਨਵੀਨਰ ਮਾਸੂਮ ਪਰਵਾਜ਼ ਸੁਸਾਇਟੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ’ਚ ਪੰਛੀ ਮਰਿਆ ਹੋਇਆ ਸੀ ਅਤੇ ਦੂਸਰੇ ਪੰਛੀ ਉਸ ਨੂੰ ਨੋਚ ਰਹੇ ਸਨ। ਅੱਜ ਜਦੋਂ ਉਹਨਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਹੋਰਨਾਂ ਪੰਛੀਆਂ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ ਕਿਉਂਕਿ ਇੱਥੇ ਸਹੀ ਢੰਗ ਦੇ ਨਾਲ ਉਹਨਾਂ ਦਾ ਰੱਖ ਰਖਾਵ ਨਹੀਂ ਕੀਤਾ ਜਾ ਰਿਹਾ। ਉਹਨਾਂ ਪ੍ਰਬੰਧਕਾਂ ਨੂੰ ਪੰਛੀਆਂ ਦਾ ਸਹੀ ਢੰਗ ਦੇ ਨਾਲ ਰੱਖ ਰਖਾਵ ਕਰਨ ਦੀ ਅਪੀਲ ਕੀਤੀ ਹੈ। 

#Faridkot  #AnimalWelfare  #SaveBirds  #BirdProtection  #GausalaNews  #AnimalRights