ਕਿਸਾਨਾਂ ਨੇ ਜ਼ਿਲ੍ਹੇ ’ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਕਿਸਾਨਾਂ ਨੇ ਜ਼ਿਲ੍ਹੇ ’ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਬਠਿੰਡਾ : 10 ਮਹੀਨਿਆਂ ਤੋਂ ਦਿੱਲੀ ਜਾਣ ਲਈ ਹਰਿਆਣਾ ਦੇ ਬਾਰਡਰਾਂ ’ਤੇ ਸ਼ਾਂਤਮਈ ਬੈਠੇ ਕਿਸਾਨਾਂ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਮਿਰਚਾਂ ਤੇ ਕੈਮੀਕਲ ਵਾਲਾ ਪਾਣੀ ਪਾਉਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਸਖਤ ਨਿਖੇਧੀ ਕੀਤੀ ਗਈ। ਇਸ ਦੇ ਵਿਰੋਧ ਵਿਚ ਨੌ ਥਾਵਾਂ ਰਾਮਪੁਰਾ, ਭਗਤਾ, ਕੋਠਾਗੁਰੂ, ਜੰਡਾਂਵਾਲਾ, ਸਰਦਾਰਗੜ੍ਹ, ਸੰਗਤ, ਤਲੜਵੰਡੀ ਸਾਬੋ, ਨਥਾਣਾ ਅਤੇ ਮੌੜ ਵਿਖੇ ਰੋਸ ਮੁਜ਼ਾਹਰਾ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਇਸ ਤਰ੍ਹਾਂ ਨਿਹੱਥੇ ਲੋਕਾਂ ’ਤੇ ਜਬਰ ਕਰ ਕੇ ਦੇਸ਼ ਦੇ ਲੋਕਾਂ ਦੁਆਰਾ ਲਏ ਹੋਏ ਹੱਕੀ ਸੰਘਰਸ਼ਾਂ ਦੇ ਜਮਹੂਰੀ ਹੱਕਾਂ ਘਾਣ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਇਸ ਤਰ੍ਹਾਂ ਇਜਾਜ਼ਤ ਮੰਗੀ ਜਾ ਰਹੀ ਹੈ, ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਇਸ ਦੇਸ਼ ਵਿੱਚੋਂ ਲੰਘ ਰਹੇ ਹੋਣ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਾਮਰਾਜ ਪੱਖੀ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਲਗਾਤਾਰ ਕਰਜੇ ਵਧ ਰਹੇ ਹਨ, ਜਿਸ ਕਾਰਨ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਇਨ੍ਹਾਂ ਦੇ ਹੱਲ ਲਈ ਕਿਸਾਨ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਸਾਰੀਆਂ ਫਸਲਾਂ ਤੇ ਸਰਕਾਰੀ ਦਾ ਸਰਕਾਰੀ ਮੁੱਲ ਮਿਥਨ, ਸਰਕਾਰੀ ਖਰੀਦ ਦੀ ਗਾਰੰਟੀ ਕਰਨ ਤੇ ਕਰਜ਼ੇ ਕਿਸਾਨਾਂ ਦੀਆਂ ਗਲਤ ਨੀਤੀਆਂ ਕਾਰਨ ਜਿਹੜੇ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੇ ਖਾਤਮੇ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਅਣਸੁਣੀ ਕਾਰਨ ਕੱਲ ਸਿਰਫ 101 ਕਿਸਾਨਾਂ ਦਾ ਜੱਥਾ ਨਿਹੱਥੇ ਤੌਰ ’ਤੇ ਪੈਦਲ ਤੁਰ ਕੇ ਦਿੱਲੀ ਦੀ ਰਾਜਧਾਨੀ ’ਚ ਆਪਣੀਆਂ ਸਮੱਸਿਆਵਾਂ ਦੱਸਣ ਲਈ ਜਾ ਰਿਹਾ ਸੀ ਜਿਸ ਨੂੰ ਹਰਿਆਣਾ ਦੀ ਸਰਕਾਰ ਦੇ ਹੁਕਮਾਂ ’ਤੇ ਪੁਲਿਸ ਤੇ ਪੈਰਾਮਿਲਟਰੀ ਫੋਰਸ ਵੱਲੋਂ ਕਿਸਾਨਾਂ ’ਤੇ ਗੰਨਾ, ਅਥਰੂ ਗੈਸਾਂ ਅਤੇ ਕੈਮੀਕਲ ਵਾਲੇ ਪਾਣੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਜ਼ਖ਼ਮੀ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਜਾਇਜ਼ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ, ਕਿਸਾਨਾਂ ਤੇ ਹਮਲਾ ਕਰਨ ਦੇ ਹੁਕਮ ਦੇਣ ਵਾਲੇ ਹੁਕਮਰਾਨਾਂ/ਅਫਸਰਾਂ ’ਤੇ ਕਾਰਵਾਈ ਕੀਤੀ ਜਾਵੇ ਤੇ ਜ਼ਖ਼ਮੀ ਕਿਸਾਨਾਂ ਦਾ ਇਲਾਜ ਫਰੀ ਕਰ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।