ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਡਰਾਫਟ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਅੱਜ
- ਪੰਜਾਬ
- 02 Jan,2025

ਕਪੂਰਥਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਡਰਾਫਟ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਵੱਲੋਂ ਜ਼ਿਲ੍ਹੇ ਦੇ ਸਾਰੇ ਰੀਵਾਇਜ਼ਿੰਗ ਅਥਾਰਟੀ-ਕਮ-ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਪਿੱਛੋਂ ਵੋਟਰ ਸੂਚੀਆਂ ਨੂੰ ਡਿਪਟੀ ਕਮਿਸ਼ਨਰ ਦਫਤਰ, ਸਬੰਧਿਤ ਐਸ.ਡੀ.ਐਮ. ਦਫਤਰ, ਤਹਿਸੀਲ ਦਫਤਰ, ਪਟਵਾਰ ਦਫਤਰਾਂ ਤੇ ਸਮੂਹ ਨੋਟੀਫਾਇਡ ਗੁਰਦੁਆਰਾ ਸਾਹਿਬਾਨਾਂ ’ਚ ਚਿਪਕਾਉਣ। ਉਨ੍ਹਾਂ ਦੱਸਿਆ ਕਿ ਮੁਢਲੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਸਬੰਧੀ ਦਾਅਵੇ ਅਤੇ ਇਤਰਾਜ਼ 24 ਜਨਵਰੀ ਤੱਕ ਪ੍ਰਾਪਤ ਕੀਤੇ ਜਾਣੇ ਹਨ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਦਾਅਵਾ ਇਤਰਾਜ਼ 1 ਤੋਂ ਵੱਧ ਵਿਅਕਤੀਆਂ ਸਬੰਧੀ ਨਹੀਂ ਕੀਤਾ ਜਾ ਸਕੇਗਾ ਅਤੇ ਹਰੇਕ ਦਾਅਵਾ ਇਤਰਾਜ਼ ਲਿਖਤੀ ਰੂਪ ’ਚ ਹੀ ਬਿਨੈਕਾਰ ਵੱਲੋਂ ਤਸਦੀਕ ਕੀਤਾ ਹੋਇਆ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਮਰੱਥ ਅਥਾਰਟੀ ਨੂੰ ਨਿੱਜੀ ਤੌਰ ’ਤੇ ਲਿਖਤੀ ਜਾਂ ਡਾਕ ਰਾਹੀਂ ਦਾਅਵੇ ਤੇ ਇਤਰਾਜ਼ ਭੇਜੇ ਜਾ ਸਕਦੇ ਹਨ। ਕੇਵਲ ਉਹ ਵਿਅਕਤੀ ਜਿਸਦੀ ਉਮਰ 21 ਸਾਲ ਜਾਂ ਉਸ ਤੋਂ ਉੱਪਰ ਹੋਵੇ ਤੇ ਜਿਸਦਾ ਨਾਮ ਉਸ ਚੋਣ ਹਲਕੇ ਦੀ ਵੋਟਰ ਸੂਚੀ ’ਚ ਪਹਿਲਾਂ ਹੀ ਦਰਜ ਹੋਵੇ,ਉਹ ਹੀ ਇਤਰਾਜ਼ ਪੇਸ਼ ਕਰ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਤਰਾਜ਼ਕਰਤਾ ਵੱਲੋਂ ਪੇਸ਼ ਕੀਤੇ ਇਤਰਾਜ਼ ਦੀ ਕਾਪੀ ਜਿਸ ਵਿਅਕਤੀ ਬਾਰੇ ਇਤਰਾਜ਼ ਕੀਤਾ ਗਿਆ ਹੈ, ਨੂੰ ਪਹੁੰਚਾ ਕੇ ਦੋਵਾਂ ਧਿਰਾਂ ਦਾ ਪੱਖ ਜਾਣਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਸਬੰਧੀ ਪ੍ਰਸ਼ਾਸ਼ਕੀ ਕਾਰਵਾਈ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ।
Posted By:

Leave a Reply