ਕੁਨਾਲ ਕਾਮਰਾ ਨੂੰ ਵੱਡੀ ਰਾਹਤ, ਮਦਰਾਸ ਹਾਈ ਕੋਰਟ ਨੇ ਕਾਮੇਡੀਅਨ ਦੀ ਅੰਤਰਿਮ ਅਗਾਊਂ ਜ਼ਮਾਨਤ ਵਧਾਈ

ਕੁਨਾਲ ਕਾਮਰਾ ਨੂੰ ਵੱਡੀ ਰਾਹਤ, ਮਦਰਾਸ ਹਾਈ ਕੋਰਟ ਨੇ ਕਾਮੇਡੀਅਨ ਦੀ ਅੰਤਰਿਮ ਅਗਾਊਂ ਜ਼ਮਾਨਤ ਵਧਾਈ

ਮੁੰਬਈ : ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਵੱਡੀ ਰਾਹਤ ਦਿੰਦਿਆਂ ਮਦਰਾਸ ਹਾਈ ਕੋਰਟ ਨੇ ਉਸ ਦੀ ਅੰਤਰਿਮ ਅਗਾਊਂ ਜ਼ਮਾਨਤ ਨੂੰ ਵਧਾ ਦਿੱਤਾ ਹੈ। ਇਹ ਰਾਹਤ ਹੁਣ 17 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਇਹ ਮਾਮਲਾ ਮੁੰਬਈ ਵਿੱਚ ਦਰਜ ਐਫ਼ਆਈਆਰ ਨਾਲ ਸਬੰਧਤ ਹੈ, ਜਿਸ ਵਿੱਚ ਕਾਮਰਾ ਉੱਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ।

ਹਾਲ ਹੀ ਦੀ ਸੁਣਵਾਈ ਦੌਰਾਨ ਕਾਮਰਾ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਹਾਰਾਸ਼ਟਰ ਵਿੱਚ ਉਸ ਖ਼ਿਲਾਫ਼ ਤਿੰਨ ਹੋਰ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਦਾਲਤ ਨੂੰ ਕਾਮਰਾ ਅਤੇ ਉਸ ਦੇ ਪਰਿਵਾਰ ਖਾਸ ਕਰਕੇ ਉਸ ਦੇ ਬਜ਼ੁਰਗ ਮਾਤਾ-ਪਿਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਵਰਣਨਯੋਗ ਹੈ ਕਿ ਮਦਰਾਸ ਹਾਈ ਕੋਰਟ ਨੇ 28 ਮਾਰਚ ਨੂੰ ਕਾਮਰਾ ਨੂੰ ਅੰਤਰਿਮ ਅਗਾਊਂ ਜ਼ਮਾਨਤ ਦਿੱਤੀ ਸੀ, ਜਿਸ ਦੀ ਮਿਆਦ 7 ਅਪ੍ਰੈਲ ਤੱਕ ਸੀ। ਇਹ ਜ਼ਮਾਨਤ ਮਹਾਰਾਸ਼ਟਰ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿਰੁੱਧ ਕਾਨੂੰਨੀ ਰਾਹਤ ਵਜੋਂ ਦਿੱਤੀ ਗਈ ਸੀ।  

ਇਹ ਪੂਰਾ ਵਿਵਾਦ ਮੁੰਬਈ 'ਚ ਆਯੋਜਿਤ ਇਕ ਪ੍ਰੋਗਰਾਮ ਨਾਲ ਜੁੜਿਆ ਹੋਇਆ ਹੈ, ਜਿਸ 'ਚ ਕਾਮਰਾ ਨੇ ਇਕ ਪੈਰੋਡੀ ਗੀਤ ਪੇਸ਼ ਕੀਤਾ ਸੀ। ਇਸ ਗੀਤ ਵਿਚ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ "ਗੱਦਾਰ" ਕਹੇ ਜਾਣ ਅਤੇ ਸ਼ਿਵ ਸੈਨਾ ਦੀ ਵੰਡ ਵਿਚ ਉਨ੍ਹਾਂ ਦੀ ਭੂਮਿਕਾ 'ਤੇ ਵਿਅੰਗਾਤਮਕ ਟਿੱਪਣੀਆਂ ਕੀਤੀਆਂ। ਇਸ ਪੇਸ਼ਕਾਰੀ ਨੇ ਸਿਆਸੀ ਹਲਕਿਆਂ ਵਿੱਚ ਬਹਿਸ ਛੇੜ ਦਿੱਤੀ ਹੈ ਅਤੇ ਇਹ ਮਾਮਲਾ ਇੱਕ ਵਾਰ ਫਿਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਸੀਮਾ ਅਤੇ ਸਿਆਸੀ ਅਸਹਿਮਤੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

#KunalKamra #MadrasHighCourt #InterimBail #FreedomOfSpeech #StandupComedian #CourtRelief #LegalUpdate #IndianJudiciary