ਮਾਈ ਭਾਗੋ ਸੰਸਥਾ ਰੱਲਾ ਵਿਖੇ ਐੱਨਐੱਸਐੱਸ ਕੈਂਪ ਦੌਰਾਨ ਜਾਗਰੂਕਤਾ ਰੈਲੀ ਕੱਢੀ

ਮਾਈ ਭਾਗੋ ਸੰਸਥਾ ਰੱਲਾ ਵਿਖੇ ਐੱਨਐੱਸਐੱਸ ਕੈਂਪ ਦੌਰਾਨ ਜਾਗਰੂਕਤਾ ਰੈਲੀ ਕੱਢੀ

ਮਾਨਸਾ : ਮਾਈ ਭਾਗੋ ਸੰਸਥਾ ਰੱਲਾ ਵਿਖੇ ਕੋਆਰਡੀਨੇਟਰ ਸੁਭਾਸ਼ ਚੰਦਰ ਦੀ ਰਹਿਨੁਮਾਈ ਹੇਠ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਅਗਵਾਈ ਹੇਠ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦੇ ਤੀਜੇ ਦਿਨ ਪਿੰਡ ਰੱਲਾ ਵਿਖੇ ਰੈਲੀ ਕੱਢੀ ਗਈ। ਕੈਂਪ ਦੇ ਪਹਿਲੇ ਸ਼ੈਸ਼ਨ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। 

ਇਸ ਮੌਕੇ ਪੁਲਿਸ ਵਿਭਾਗ ਤੋਂ ਇੰਸਪੈਕਟਰ ਜਸਪ੍ਰੀਤ ਸਿੰਘ ਐੱਸਐੱਚਓ ਥਾਣਾ ਜੋਗਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਅਡੀਸ਼ਨਲ ਐਸਐਚਓ ਗਗਨਦੀਪ ਸਿੰਘ, ਮੁੱਖ ਮੁਨਸ਼ੀ ਜਗਸੀਰ ਸਿੰਘ ਅਤੇ ਹੌਲਦਾਰ ਜਗਸੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਕੋਆਰਡੀਨੇਟਰ ਸੁਭਾਸ਼ ਚੰਦਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਹੌਲਦਾਰ ਜਗਸੀਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਵਿੱਚ ਨਸ਼ੇ ਦੀ ਵਧ ਰਹੀ ਆਦਤ ਕਾਰਨ ਅਨੇਕਾਂ ਘਰਾਂ ਦੇ ਚਿਰਾਗ ਬੁਝ ਰਹੇ ਹਨ। 

ਇਸ ਲਈ ਨਸ਼ੇ ਖ਼ਿਲਾਫ਼ ਰਲ ਮਿਲ ਕੇ ਲੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਇਲਾਵਾ ਇਸ ਵਿਸ਼ੇ ਨੂੰ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਵਿਸ਼ੇਸ਼ ਮੌਕੇ ਡਿਗਰੀ ਕਾਲਜ ਦੇ ਪ੍ਰੋਗਰਾਮ ਅਫ਼ਸਰ ਪਰਗਟ ਸਿੰਘ ਨੇ ਨਸ਼ਿਆਂ ਦੀ ਰੋਕਥਾਮ ਲਈ ਵੱਖ ਵੱਖ ਜਥੇਬੰਦੀਆਂ ਦਾ ਸਹਿਯੋਗ ਦੇਣ ਅਤੇ ਯੂਥ ਕਲੱਬਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਰਾਹੀਂ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਆਖੀ। 

ਇਸ ਮੌਕੇ ਸਹਾਇਕ ਪ੍ਰੋਫੈਸਰ ਸ਼ਮਸ਼ੇਰ ਸਿੰਘ ਨੇ ਨਸ਼ਿਆਂ ਸਬੰਧੀ ਇਤਿਹਾਸਕ ਹਵਾਲੇ ਦਿੰਦੇ ਹੋਏ ਨਸ਼ਿਆਂ ਦੇ ਰੁਝਾਨ ਨੂੰ ਰਾਜਨੀਤਿਕ ਪੱਖ ਤੋਂ ਵਿਚਾਰਿਆ। ਕੈਂਪ ਦੇ ਦੂਸਰੇ ਸੈਸ਼ਨ ਵਿੱਚ ਵਿਦਿਆਰਥੀਆਂ ਦੁਆਰਾ ਪਿੰਡ ਰੱਲਾ ਵਿਖੇ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ ਇਸ ਮੌਕੇ ਇੰਸਪੈਕਟਰ ਜਸਪ੍ਰੀਤ ਸਿੰਘ ਐਸ.ਐਚ.ਓ ਥਾਣਾ ਜੋਗਾ ਜੀ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਦੌਰਾਨ ਵਿਦਿਆਰਥੀਆਂ ਦੁਆਰਾ ਨਸ਼ਿਆਂ ਖਿਲਾਫ ਨਾਅਰਿਆਂ ਨੂੰ ਮੁੱਖ ਵਿਸ਼ਾ ਬਣਾਇਆ ਤੇ ਘਰ ਘਰ ਨਸ਼ੇ ਤਿਆਗਣ ਦਾ ਸੁਨੇਹਾ ਪਹੁੰਚਾਇਆ।

 ਮੰਚ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਸ਼ਰਨਜੀਤ ਸਿੰਘ ਦੁਆਰਾ ਨਿਭਾਈ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ ਅਤੇ ਆਫਿਸ ਐਡਮਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਲਈ ਵਚਨਬੱਧਤਾ ਪ੍ਰਗਟ ਕੀਤੀ। ਇਸ ਮੌਕੇ ਪ੍ਰੋਗਰਾਮ ਅਫ਼ਸਰ ਸ਼ਰਨਜੀਤ ਸਿੰਘ, ਕੁਲਦੀਪ ਕੌਰ ਪਰਗਟ ਸਿੰਘ, ਪਰਮਜੀਤ ਕੌਰ ਤੋਂ ਇਲਾਵਾ ਸਮੂਹ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ।