ਮਨੀਸ਼ ਸਿਸੋਦੀਆ ਨੇ ਜੰਗਬੰਦੀ ਨੂੰ ਲੈ ਕੇ ਚੁੱਕੇ ਸਵਾਲ

ਮਨੀਸ਼ ਸਿਸੋਦੀਆ ਨੇ ਜੰਗਬੰਦੀ ਨੂੰ ਲੈ ਕੇ ਚੁੱਕੇ ਸਵਾਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਰਤ ਪਾਕਿਸਤਾਨ ਵਿਚਕਾਰ ਜੰਗਬੰਦੀ ਨੂੰ ਲੈ ਕੇ ਬਣੀ ਸਹਿਮਤੀ ਦੇ ਹਵਾਲੇ ਨਾਲ ਚਾਰ ਸਵਾਲ ਕੀਤੇ ਹਨ। ਸਿਸੋਦੀਆ ਨੇ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਵਿੱਚ 26 ਭਾਰਤੀਆਂ ਦੀ ਮੌਤ ਨੂੰ ਲੈ ਕੇ ਦੇਸ਼ਵਾਸੀਆਂ ਦੇ ਮਨਾਂ ਵਿੱਚ ਬਹੁਤ ਗੁੱਸਾ ਅਤੇ ਨਾਰਾਜ਼ਗੀ ਸੀ। ਭਾਰਤ ਨੇ ‘ਅਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਡਟ ਕੇ ਸਾਹਮਣਾ ਕੀਤਾ ਤੇ ਗੁਆਂਢੀ ਮੁਲਕ ਦੇ ਪੈਰ ਨਹੀਂ ਲੱਗਣ ਦਿੱਤੇ। ਸਿਸੋਦੀਆ ਨੇ ਸਵਾਲ ਕੀਤਾ ਕਿ ਇਸ ਦੇ ਬਾਵਜੂਦ ਭਾਰਤ ਵੱਲੋਂ ਜੰਗਬੰਦੀ ਕਿਉਂ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

ਸਿਸੋਦੀਆ ਨੇ ਕਿਹਾ ਕਿ ਪਾਕਿਸਤਾਨ ਨੇ ਜੇਕਰ ਜੰਗਬੰਦੀ ਲਈ ਹੱਥ ਬੰਨ ਕੇ ਭਾਰਤ ਮੂਹਰੇ ਬੇਨਤੀ ਕੀਤੀ ਹੈ ਤਾਂ ਭਾਰਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਕੋਈ ਲਿਖਤੀ ਸਮਝੌਤਾ ਕਿਉਂ ਨਹੀਂ ਕੀਤਾ। ਜਦੋਂ ਕਿ 1971 ਦੀ ਜੰਗ ਤੋਂ ਬਾਅਦ ਲਿਖਤੀ ਸਮਝੌਤਾ ਕੀਤਾ ਗਿਆ ਸੀ। ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜੰਗਬੰਦੀ ਦਾ ਐਲਾਨ ਕੀਤੇ ਜਾਣਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਭਾਰਤੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨ ਦੇਣੀ ਚਾਹੀਦੀ ਹੈ। ਇਸ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ।

ਸਿਸੋਦੀਆ ਨੇ ਕਿਹਾ ਕਿ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਮੌਤ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿੱਚ ਬਹੁਤ ਨਾਰਾਜ਼ਗੀ ਪਾਈ ਜਾ ਰਹੀ ਹੈ ਹੁਣ ਜੰਗਬੰਦੀ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ ਕਿਵੇਂ ਦਿੱਤਾ ਜਾਵੇਗਾ। ਇਸ ਬਾਰੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਜੰਗਬੰਦੀ ਨੂੰ ਲੈ ਕੇ ਭਾਰਤ ਦੇ ਕਰੋੜਾਂ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ, ਜਿਨ੍ਹਾਂ ਦਾ ਜਵਾਬ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ।

#ManishSisodia #CeasefireQuestions #PoliticalDebate #GovernmentPolicy #CeasefireIssue #AAPPolitics #NationalSecurity #IndiaPolitics #OppositionQuestions #PublicDebate