ਉੱਚ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਨਹੀਂ ਦਿੱਤੀ ਜਾ ਰਹੀ ਤਰੱਕੀ

ਉੱਚ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਨਹੀਂ ਦਿੱਤੀ ਜਾ ਰਹੀ ਤਰੱਕੀ

ਹੁਸ਼ਿਆਰਪੁਰ : ਨਗਰ ਨਿਗਮ ਅਧੀਨ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਸਫ਼ਾਈ ਮੇਟ ਬਣਾਉਣ ਦੇ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਤਰੱਕੀ ਨਾ ਦਿੱਤੇ ਜਾਣ ਦੇ ਰੋਸ ਵਿਚ ਅੱਜ ਪੀੜਤ ਕਰਮਚਾਰੀਆਂ ਨੇ ਪ੍ਰਧਾਨ ਕੁਨਾਲ ਭੱਟੀ ਅਤੇ ਪ੍ਰਧਾਨ ਰਾਜਾ ਹੰਸ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਦੇ ਕਰਮਚਾਰੀਆਂ ਨੇ ਉਨ੍ਹਾਂ ਦੇ ਹੱਕ ਵਿਚ ਹੋਏ ਹਾਈ ਕੋਰਟ ਦੇ ਫ਼ੈਸਲੇ ਨੂੰ ਤੁਰੰਤ ਲਾਗੂ ਨਾ ਕੀਤਾ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ। ਇਸ ਮੌਕੇ ਰਾਜਾ ਹੰਸ ਪ੍ਰਧਾਨ ਸਫ਼ਾਈ ਮਜ਼ਦੂਰ ਫ਼ੈੱਡਰੇਸ਼ਨ, ਕਮਲ ਭੱਟੀ ਪ੍ਰਧਾਨ ਆਊਟਸੋਰਸ ਇੰਪਲਾਈ ਯੂਨੀਅਨ ਅਤੇ ਪ੍ਰਧਾਨ ਅਸ਼ਵਨੀ ਲੱਡੂ ਸੁਪਰਵਾਈਜ਼ਰ ਯੂਨੀਅਨ ਨੇ ਦੱਸਿਆ ਕਿ ਨਗਰ ਨਿਗਮ ਵਿਚ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਤਰੱਕੀ ਦੇਣ ਦੇ ਮਤੇ ਪੈਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਫ਼ਾਈ ਕਰਮਚਾਰੀਆਂ ਨੂੰ ਸਫਾਈ ਮੇਟ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਟਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੀ ਵਿਧਾਇਕ ਸਾਹਿਬ ਵਿਹਲੇ ਨਹੀਂ ਹੁੰਦੇ ਅਤੇ ਕਦੀ ਵਿਭਾਗ ਦੇ ਕਰਮਚਾਰੀਆਂ ਅਤੇ ਮੇਅਰ ਸਾਹਿਬ ਨੂੰ ਸਮਾਂ ਨਹੀਂ ਮਿਲ ਰਿਹਾ ਜਦਕਿ ਉੱਚ ਅਦਾਲਤ ਨੇ ਸਪਸ਼ਟ ਤੌਰ ’ਤੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਮਹੀਨੇ ਵਿਚ ਤਿੰਨ ਵਾਰ ਤਰੀਕਾਂ ਦੇ ਕੇ ਉਨ੍ਹਾਂ ਨੂੰ ਤਰੱਕੀ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਜਦਕਿ ਨਗਰ ਪੰਚਾਇਤ ਅਧਿਕਾਰੀਆਂ ਵਲੋਂ ਮਤਾ ਵੀ ਪਾ ਦਿੱਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਤਰੱਕੀਆਂ ਦੇ ਪੱਤਰ ਨਾ ਦਿੱਤੇ ਤਾਂ ਉਹ ਤੁੰਰਤ ਹੜਕਾਲ ਕਰਕੇ ਸ਼ਿਹਰ ਦੀ ਸਾਫ਼ ਸਤਾਈ ਦਾ ਕੰਮ ਬੰਦ ਕਰ ਦੇਣਗੇ। ਇਸ ਮੌਕੇ ਚੇਅਰਮੈਂਨ ਧਰਮਿੰਦਰ ਕੁਮਾਰ, ਉੱਪ ਪ੍ਰਧਾਨ ਅਰੁਣ ਅਆਦੀਆ, ਰਜਿੰਦਰ ਕੁਮਾਰ ਜਿੰਦਰੀ, ਅਸ਼ਵਨੀ ਕੁਮਾਰ, ਰਜਿੰਦਰ ਕੁਮਾਰ ਜਿੰਦਰ, ਵਿੱਕੀ, ਅਮਨ ਸਹੋਤਾ, ਆਸ਼ੂ ਬੱਤਰਾ, ਜਤਿੰਦਰ ਕੁਮਾਰ ਜੱਸੀ ਉੱਪ ਪ੍ਰਧਾਨ, ਰਾਕੇਸ਼ ਸਿੱਧੂ, ਜਗਦੀਪ ਕੁਮਾਰ ਸਾਬਕਾ ਪ੍ਰਧਾਨ, ਸੁਰਿੰਦਰ ਪਾਲ, ਵਿੱਕੀ , ਅਸ਼ਵਨੀ, ਅਰੁਣ ਕੁਮਾਰ, ਰਜਿੰਦਰ ਸਮੇਤ ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀ ਵੀ ਹਾਜ਼ਰ ਸਨ। ਇਸ ਸਬੰਧੀ ਮੇਅਰ ਸੁਰਿੰਦਰ ਛਿੰਦਾ ਨੇ ਕਿਹਾ ਕਿ ਸ਼ਹੀਦੀ ਦਿਹਾੜਿਆਂ ਕਰ ਕੇ ਉਨ੍ਹਾਂ ਦੋ-ਚਾਰ ਦਿਨ ਰੁਕਣ ਲਈ ਕਿਹਾ ਸੀ ਪਰ ਇਨ੍ਹਾਂ ਨੂੰ ਤਸੱਲੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਅਧਿਕਾਰੀ ਛੁੱਟੀ ’ਤੇ ਹੋਣ ਕਾਰਨ ਦੇਰ ਹੋਈ ਹੈ। ਉਨ੍ਹਾਂ ਦੇ ਛੁੱਟੀ ਦੇ ਆਉਣ ਤੋਂ ਬਾਅਦ ਜਲਦੀ ਹੀ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।