ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ 17ਵੇਂ ਦਿਨ ਵੀ ਜਾਰੀ, ਪਿਛਲੇ 128 ਦਿਨਾਂ ਤੋਂ ਚੱਲ ਰਹੀ ਹੈ ਭੁੱਖ ਹੜਤਾਲ

ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ 17ਵੇਂ ਦਿਨ ਵੀ ਜਾਰੀ, ਪਿਛਲੇ 128 ਦਿਨਾਂ ਤੋਂ ਚੱਲ ਰਹੀ ਹੈ ਭੁੱਖ ਹੜਤਾਲ

 ਸੰਗਰੂਰ : ਡੀਸੀ ਦਫਤਰ ਸਾਹਮਣੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਪਿਛਲੇ 128 ਦਿਨਾਂ ਤੋਂ ਚਲਾਈ ਜਾ ਰਹੀ ਲੜੀਵਾਰ ਭੁੱਖ ਹੜਤਾਲ ਅਤੇ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਦਾ ਮਰਨ ਵਰਤ ਸੋਮਵਾਰ ਨੂੰ ਰਾਜਿੰਦਰਾ ਹਸਪਤਾਲ ਵਿਚ 17ਵੇਂ ਦਿਨ ’ਚ ਪੁੱਜ ਚੁੱਕਾ ਹੈ ਅਤੇ ਰਣਜੀਤ ਸਿੰਘ ਦਾ ਮਰਨ ਵਰਤ ਸੰਗਰੂਰ ਮੋਰਚੇ ਵਿਚ ਚੌਥੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਅੱਜ ਸੰਗਰੂਰ ਮੋਰਚੇ ਵਿੱਚ ਜਲੰਧਰ, ਗੁਰਦਾਸਪੁਰ, ਤਰਨਤਾਰਨ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਵਿੱਚੋਂ ਕੰਪਿਊਟਰ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਤੇ ਸਮੂਹ ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਸੰਗਰੂਰ ਮੋਰਚੇ ਵਿਚ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਆਪਣੇ ਸਾਥੀਆਂ, ਗੋਰਮਿੰਟ ਟੀਚਰਜ਼ ਯੂਨੀਅਨ ਮੁਕਤਸਰ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਜਿਲ੍ਹਾ ਪ੍ਰਧਾਨ ਸੰਗਰੂਰ ਦੇਵੀ ਦਿਆਲ, ਸੁਬਾਰਡੀਨੇਟ ਫੈਡਰੇਸ਼ਨ ਪੰਜਾਬ ਦੇ ਸੂਬਾ ਆਗੂ ਫ਼ਕੀਰ ਸਿੰਘ ਟਿੱਬਾ, ਬੱਗਾ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ। ਸੰਗਰੂਰ ਮੋਰਚੇ ਵਿੱਚ ਸੁਮੀਤ ਸਰੀਨ, ਸੁਸੀਲ ਅਨੁਗਰਾਲ,ਰਜਨੀ, ਦਿਸ਼ਕਰਨ ਕੌਰ, ਮਨਜੀਤ ਕੌਰ,ਬਵਲੀਨ ਕੌਰ, ਹਰਜਿੰਦਰ ਕੌਰ ਤਰਨਤਾਰਨ, ਸੀਤਲ ਸਿੰਘ, ਕਰਮਜੀਤ ਪੁਰੀ ਅਤੇ ਗਗਨਦੀਪ ਸਿੰਘ ਗੁਰਦਾਸਪੁਰ , ਗੁਰਪ੍ਰੀਤ ਸਿੰਘ ਸਿੱਧੂ ਫਾਜ਼ਿਲਕਾ, ਰਘਬੀਰ ਸਿੰਘ ਅਤੇ ਪਰਦੀਪ ਕੁਮਾਰ ਹੁਸਿਆਰਪੁਰ ਆਦਿ ਕੰਪਿਊਟਰ ਅਧਿਆਪਕ ਆਗੂਆਂ ਨੇ ਸੰਬੋਧਨ ਕੀਤਾ।