Daily Suraj

ਪੰਜਾਬੀ

ਸੁਖਵਿੰਦਰ ਸਿੰਘ ਅਗਵਾਨ ਬਣੇ ਕੋਆਰਡੀਨੇਟਰ; ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਜਾਰੀ ਕੀਤੀ ਨਵੀਂ ਸੂਚੀ

05 Oct, 2026 03:36 PM

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਨਾਲ ਸਾਂਝ ਵਧਾਉਣ ਦੇ ਮਕਸਦ ਨਾਲ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਕੌਮੀ ਏਕਤਾ ਨੂੰ ਮੁੱਖ ਰੱਖਦਿਆਂ ਪੰਜਾਬ ਦੀਆਂ ਸੁਹਿਰਦ ਹਮਖ਼ਿਆਲੀ ਜਥੇਬੰਦੀਆਂ, ਰਾਜਨੀਤਿਕ ਧਿਰਾਂ, ਕਿਸਾਨ ਤੇ ਮਜ਼ਦੂਰ ਸੰਗਠਨਾਂ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਬਹਾਲੀ ਤੇ ਤਾਲਮੇਲ ਬਣਾਉਣ ਲਈ ਇੱਕ 'ਤਾਲਮੇਲ ਕਮੇਟੀ' ਦਾ ਗਠਨ ਕੀਤਾ ਗਿਆ ਹੈ। ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ, ਇਹ ਤਾਲਮੇਲ ਕਮੇਟੀ ਹੋਰਨਾਂ ਸੰਗਠਨਾਂ ਅਤੇ ਧਿਰਾਂ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਦੇ ਇੱਛੁਕ ਆਗੂਆਂ ਤੇ ਅਹੁਦੇਦਾਰਾਂ ਦੇ ਵਿਚਾਰਾਂ ਅਤੇ ਪਿਛੋਕੜ ਦੀ ਹਰ ਪੱਖੋਂ ਸਮੀਖਿਆ ਕਰੇਗੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕਰਨ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪਾਰਟੀ ਹਾਈਕਮਾਂਡ ਵੱਲੋਂ ਐਲਾਨੀ ਗਈ ਇਸ ਤਿੰਨ ਮੈਂਬਰੀ ਤਾਲਮੇਲ ਕਮੇਟੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ: ਸੁਖਵਿੰਦਰ ਸਿੰਘ ਅਗਵਾਨ — ਕੋਆਰਡੀਨੇਟਰ ਇੰਚਾਰਜ ਪ੍ਰਗਟ ਸਿੰਘ ਰਈਆ — ਮੈਂਬਰ ਰਣਜੀਤ ਸਿੰਘ ਧਨੋਆ — ਮੈਂਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਇਸ ਫ਼ੈਸਲੇ ਨੂੰ ਸੂਬੇ ਵਿੱਚ ਵੱਖ-ਵੱਖ ਜਨ-ਸੰਗਠਨਾਂ, ਕਿਸਾਨੀ ਅਤੇ ਸਮਾਜਿਕ ਧਿਰਾਂ ਨੂੰ ਇੱਕ ਮੰਚ 'ਤੇ ਲਿਆਉਣ ਅਤੇ ਜਥੇਬੰਦਕ ਆਧਾਰ ਨੂੰ ਵਿਸ਼ਾਲ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਰਾਜਨੀਤਿਕ ਕਦਮ ਮੰਨਿਆ ਜਾ ਰਿਹਾ ਹੈ।

Latest News