18 ਦਸੰਬਰ ਨੂੰ ਪੰਜਾਬ ਭਰ ਵਿਚ ਰੇਲ ਰੋਕੋ ਅੰਦੋਲਨ ਦਾ ਆਯੋਜਨ - ਸਰਵਨ ਸਿੰਘ ਪੰਧੇਰ

18 ਦਸੰਬਰ ਨੂੰ ਪੰਜਾਬ ਭਰ ਵਿਚ ਰੇਲ ਰੋਕੋ ਅੰਦੋਲਨ ਦਾ ਆਯੋਜਨ - ਸਰਵਨ ਸਿੰਘ ਪੰਧੇਰ

ਚੰਡੀਗੜ੍ਹ - ਐਸਕੇਐਮ ਨੋਨ ਪੋਲੀਟੀਕਲ ਜਥੇਬੰਦੀ ਵੱਲੋਂ ਸ਼ੰਬੂ ਤੇ ਖਨੋਰੀ ਬਾਰਡਰ 'ਤੇ 309 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 22 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ, ਪਰ ਕੇਂਦਰ ਸਰਕਾਰ ਵੱਲੋਂ ਹਜੇ ਤੱਕ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨੂੰ ਲੈ ਕੇ ਅੱਜ ਕਿਸਾਨ ਆਗੂ ਸਰਵਨ ਸਿੰਘ ਭੰਧੇਰ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਪਾਰਟੀਆਂ ਵੀ ਇਸ ਮੁੱਦੇ ਨੂੰ ਨਹੀਂ ਚੁੱਕ ਰਹੀਆਂ। ਸਰਵਨ ਸਿੰਘ ਭੰਧੇਰ ਨੇ ਅਪੀਲ ਕੀਤੀ ਕਿ ਪੰਜਾਬ ਦੇ ਗਾਇਕਾਂ, ਸਿੱਖ ਧਰਮ ਦੇ ਰਾਗੀ ਢਾਡੀ ਕਮਿਸ਼ਨਰ ਅਤੇ ਹੋਰ ਸਾਰੇ ਇੱਕ ਪਲੇਟਫਾਰਮ 'ਤੇ ਆ ਕੇ ਕਿਸਾਨੀ ਅੰਦੋਲਨ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ 18 ਦਸੰਬਰ ਨੂੰ ਅੰਮ੍ਰਿਤਸਰ ਦੇ ਨੌ ਥਾਵਾਂ ਤੇ ਅਤੇ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ ਤਿੰਨ ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਵਕੀਲਾਂ, ਦੁਕਾਨਦਾਰਾਂ ਅਤੇ ਟਰਾਂਸਪੋਰਟਾਂ ਨੂੰ ਵੀ ਅਪੀਲ ਕੀਤੀ ਕਿ ਉਹ ਰੇਲਵੇ ਟਰੈਕ 'ਤੇ ਆ ਕੇ ਬੈਠਣ ਅਤੇ ਇਸ ਸੰਘਰਸ਼ ਦਾ ਸਾਥ ਦੇਣ। ਸਰਵਨ ਸਿੰਘ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਪਹਿਲਾਂ ਕਿਸਾਨਾਂ ਨੂੰ ਤਾਲੀਬਾਨ ਕਹਿੰਦਾ ਸੀ, ਹੁਣ ਕਿਸਾਨਾਂ ਦੀ ਮਦਦ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਲਾਕਾਰਾਂ ਨੇ ਸਾਡੇ ਨਾਲ ਨਰਾਜ਼ਗੀ ਜ਼ਾਹਰ ਕੀਤੀ ਸੀ ਕਿ ਜਦੋਂ ਈਡੀ ਤੇ ਐਨਆਈਏ ਦੀਆਂ ਰੇਡਾਂ ਪਈਆਂ, ਉਦੋਂ ਕਿਸਾਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਰ ਬਸਿੰਦੇ ਨੂੰ ਅਪੀਲ ਕਰਦੇ ਹਾਂ ਕਿ ਕੱਲ੍ਹ ਦਾ ਤਿੰਨ ਘੰਟੇ ਦਾ ਪ੍ਰਦਰਸ਼ਨ ਕਾਮਯਾਬ ਕਰੋ ਤਾਂ ਜੋ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚ ਸਕੇ ਅਤੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਲਈ ਖਾਣ-ਪੀਣ ਦਾ ਇੰਤਜ਼ਾਮ ਕਿਸਾਨਾਂ ਵੱਲੋਂ ਕੀਤਾ ਜਾਵੇਗਾ।