ਦਿੱਲੀ 'ਚ ਕਰਾਰੀ ਹਾਰ ਤੋਂ ਬਾਅਦ ਦੇਵੇਂਦਰ ਯਾਦਵ ਦਾ ਪੱਤਾ ਸਾਫ਼, ਛੱਤੀਸਗੜ੍ਹ ਦੇ ਸਾਬਕਾ CM ਭੁਪੇਸ਼ ਬਘੇਲ ਬਣੇ ਪੰਜਾਬ ਦੇ ਨਵੇਂ ਇੰਚਾਰਜ
- ਰਾਸ਼ਟਰੀ
- 15 Feb,2025

ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਥਾਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਨਵਾਂ ਇੰਚਾਰਜ ਲਗਾਇਆ ਗਿਆ ਹੈ। ਦਿੱਲੀ ’ਚ ਬਾਦਲੀ ਵਿਧਾਨ ਸਭਾ ਖੇਤਰ ਤੋਂ ਚੋਣ ਹਾਰਨ ਤੋਂ ਬਾਅਦ ਤੋਂ ਹੀ ਇਹ ਤੈਅ ਹੋ ਗਿਆ ਸੀ ਕਿ ਕਾਂਗਰਸ ਪੰਜਾਬ ’ਚ ਨਵਾਂ ਇੰਚਾਰਜ ਲਗਾ ਸਕਦੀ ਹੈ। ਪੰਜਾਬ ਤੋਂ ਕਾਂਗਰਸ ਨੂੰ ਕਾਫ਼ੀ ਉਮੀਦਾਂ ਹਨ। ਸੂਬੇ ’ਚ ਲੋਕ ਸਭਾ ਤੇ ਨਗਰ ਨਿਗਮ ਚੋਣਾਂ ਵਿਚ ਪਾਰਟੀ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ।
ਕਾਂਗਰਸ ਨੇ ਦੇਸ਼ ਭਰ ’ਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਨੇ ਓਡੀਸ਼ਾ ਤੇ ਮਹਾਰਾਸ਼ਟਰ ’ਚ ਪ੍ਰਧਾਨ ਨੂੰ ਬਦਲ ਦਿੱਤਾ ਹੈ। ਮਹਾਰਾਸ਼ਟਰ ’ਚ ਕਾਂਗਰਸ ਸਰਕਾਰ ਨਹੀਂ ਬਣਾ ਸਕੀ। ਹਾਲਾਂਕਿ ਉਹ ਹਾਲਤ ਪੰਜਾਬ ’ਚ ਨਹੀਂ ਹੈ। ਪੰਜਾਬ ’ਚ ਲੋਕ ਸਭਾ ਚੋਣ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਲੜੀ ਗਈ। ਕਾਂਗਰਸ ਨੇ ਸੱਤ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਰਾਜਾ ਵੜਿੰਗ ਵੀ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ। ਇਸੇ ਤਰ੍ਹਾਂ ਨਗਰ ਨਿਗਮ ਚੋਣਾਂ ’ਚ ਵੀ ਪਾਰਟੀ ਦਾ ਪ੍ਰਦਰਸ਼ਨ ਤਸੱਲੀਬਖਸ਼ ਸੀ। ਹਾਲਾਂਕਿ ਕਾਂਗਰਸ ਕਿਸੇ ਵੀ ਨਗਰ ਨਿਗਮ ’ਚ ਆਪਣਾ ਮੇਅਰ ਨਹੀਂ ਬਣਾ ਸਕੀ। ਇਸ ਲਈ ਇਸ ਗੱਲ ਦੀ ਸੰਭਾਵਨਾ ਘੱਟ ਹਨ ਕਿ ਕਾਂਗਰਸ ਫਿਲਹਾਲ ਪ੍ਰਦੇਸ਼ ਪ੍ਰਧਾਨ ਨੂੰ ਬਦਲੇਗੀ। ਉੱਥੇ, ਇਹ ਤੈਅ ਸੀ ਕਿ ਪ੍ਰਦੇਸ਼ ਇੰਚਾਰਜ ਦਾ ਬਦਲਿਆ ਜਾਣਾ ਤੈਅ ਸੀ। ਇਸਦਾ ਮੁੱਖ ਕਾਰਨ ਹੈ ਕਿ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਦੇਵੇਂਦਰ ਯਾਦਵ ਦਾ ਉਹ ਕੱਦ ਨਹੀਂ ਰਹਿ ਜਾਏਗਾ ਜਿਹੜਾ ਪਹਿਲਾਂ ਸੀ।
ਪੰਜਾਬ ਕਾਂਗਰਸ ਦੇ ਆਗੂਆਂ ’ਚ ਸ਼ੁਰੂ ਤੋਂ ਹੀ ਖਿੱਚੋਤਾਣ ਰਹੀ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਵਜਾ ਪੰਜਾਬ ’ਚ ਕੈਬਨਿਟ ਮੰਤਰੀ ਵੀ ਰਹੇ ਹਨ, ਇਸ ਸਮੇਂ ਵਿਧਾਇਕ ਹਨ ਤੇ ਇਕ ਵਾਰੀ ਲੋਕ ਸਭਾ ਤੇ ਇਕ ਵਾਰੀ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ। ਇਸੇ ਤਰ੍ਹਾਂ ਰਾਜਾ ਵੜਿੰਗ ਤਿੰਨ ਵਾਰੀ ਵਿਧਾਇਕ, ਇਕ ਵਾਰੀ ਮੰਤਰੀ ਤੇ ਇਸ ਸਮੇਂ ਲੋਕ ਸਭਾ ਦੇ ਮੈਂਬਰ ਹਨ। ਜਦਕਿ ਦੋਵਾਂ ’ਚ ਅੱਗੇ ਨਿਕਲਣ ਦੀ ਦੌੜ ਲੱਗੀ ਰਹਿੰਦੀ ਹੈ। ਅਜਿਹੇ ’ਚ ਦੇਵੇਂਦਰ ਯਾਦਵ ਕੱਦ ’ਚ ਬਾਜਵਾ ਤੇ ਵੜਿੰਗ ਤੋਂ ਕਾਫ਼ੀ ਹੇਠਾਂ ਸਨ। ਅਜਿਹੇ ’ਚ ਕਾਂਗਰਸ ਦੇ ਆਗੂਆਂ ਨੂੰ ਇਕ ਮੰਚ ’ਤੇ ਬਿਠਾ ਸਕਣਾ ਦੇਵੇਂਦਰ ਯਾਦਵ ਲਈ ਸੰਭਵ ਨਹੀਂ ਸੀ। ਇਸ ਲਈ ਕਾਂਗਰਸ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੀ ਕਮਾਨ ਸੌਂਪੀ ਹੈ। ਦੱਸਣਯੋਗ ਹੈ ਕਿ ਦੇਵੇਂਦਰ ਯਾਦਵ ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਵੀ ਸਨ। ਦਿੱਲੀ ’ਚ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ।
Posted By:

Leave a Reply