ਗੁਜਰਾਤ: ਸਰਹੱਦ ਨੇੜਲੇ ਜ਼ਿਲ੍ਹਿਆਂ ਨੂੰ ਪਿੰਡ ਖਾਲੀ ਕਰਵਾਉਣ ਦੀਆਂ ਤਿਆਰੀਆਂ ਰੱਖਣ ਦੇ ਹੁਕਮ
- ਦੇਸ਼
- 10 May,2025

ਅਹਿਮਦਾਬਾਦ :ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸ਼ਨਿੱਚਰਵਾਰ ਨੂੰ ਸੂਬੇ ਦੇ ਪਾਕਿਸਤਾਨ ਸਰਹੱਦ ਦੇ ਨੇੜਲੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਿੰਡ ਖਾਲੀ ਕਰਵਾਉਣ ਦੀਆਂ ਯੋਜਨਾਵਾਂ ਤਿਆਰ ਰੱਖਣ ਅਤੇ ਜ਼ਰੂਰੀ ਚੀਜ਼ਾਂ ਉਪਲਬਧ ਹੋਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਭਾਰਤ-ਪਾਕਿਸਤਾਨ ਫੌਜੀ ਟਕਰਾਅ ਦੇ ਵਿਚਕਾਰ ਪਟੇਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਕੱਛ, ਬਨਾਸਕਾਂਠਾ, ਪਾਟਨ ਅਤੇ ਜਾਮਨਗਰ ਜ਼ਿਲ੍ਹਿਆਂ ਦੇ ਕੁਲੈਕਟਰਾਂ ਨਾਲ ਇਕ ਵੀਡੀਓ ਕਾਨਫਰੰਸਿੰਗ ਮੀਟਿੰਗ ਕੀਤੀ।
ਇਸ ਦੌਰਾਨ ਕੁਲੈਕਟਰਾਂ ਨੂੰ ਕਿਹਾ ਗਿਆ ਹੈ ਕਿ ਜੇ ਉਨ੍ਹਾਂ ਨੂੰ ਜ਼ਰੂਰੀ ਵਸਤੂਆਂ, ਦਵਾਈਆਂ ਅਤੇ ਬਾਲਣ ਦੀ ਲੋੜ ਹੈ ਤਾਂ ਸਰਕਾਰ ਨੂੰ ਸੂਚਿਤ ਕੀਤਾ ਜਾਵੇ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਪਟੇਲ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸੈਟੇਲਾਈਟ ਫੋਨ, ਵਾਇਰਲੈੱਸ ਸਿਸਟਮ, ਵਾਕੀ-ਟਾਕੀ ਅਤੇ ਹੋਰ ਉਪਕਰਣ ਉਪਲਬਧ ਹੋਣ ਤਾਂ ਜੋ ਸੰਚਾਰ ਨੈੱਟਵਰਕ ਬਣਾਈ ਰੱਖਿਆ ਜਾ ਸਕੇ ਅਤੇ ਲੋਕ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰ ਸਕਣ।
ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਆਪਣੇ ਪਿੰਡ ਖਾਲੀ ਕਰਵਾਉਣ ਦੀਆਂ ਯੋਜਨਾਵਾਂ ਨੂੰ ਹੋਰ ਵਿਆਪਕ ਬਣਾਉਣ ਲਈ ਕਿਹਾ ਗਿਆ ਤਾਂ ਜੋ ਪਾਕਿਸਤਾਨ ਸਰਹੱਦ ਦੇ ਨੇੜੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਲੋੜ ਪੈਣ ’ਤੇ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕੀਤਾ ਜਾ ਸਕੇ।
ਪ੍ਰਮੁੱਖ ਸਕੱਤਰ ਸਿਹਤ ਧਨੰਜੈ ਦਿਵੇਦੀ ਨੇ ਕਿਹਾ ਕਿ ਭੁਜ, ਜਾਮਨਗਰ, ਪਾਟਨ ਅਤੇ ਬਨਾਸਕਾਂਠਾ ਵਿੱਚ ਵਾਧੂ ਐਂਬੂਲੈਂਸਾਂ ਦੇ ਨਾਲ ਸਰਹੱਦੀ ਖੇਤਰਾਂ ਵਿੱਚ ਹੋਰ ਜ਼ਿਲ੍ਹਿਆਂ ਦੇ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੂਨ ਆਸਾਨੀ ਨਾਲ ਉਪਲਬਧ ਹੋਵੇ ਇਸ ਲਈ ਵੱਡੇ ਪੱਧਰ ‘ਤੇ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ।
#GujaratAlert #BorderVillages #EvacuationPlan #EmergencyPreparedness #IndiaPakistanTension #GujaratNews #BorderSecurity #DisasterManagement #RuralEvacuation #BreakingNewsIndia
Posted By:

Leave a Reply