30 ਦਸੰਬਰ ਦੀ ਵਿਸ਼ਾਲ ਰਾਜਸੀ ਰੈਲੀ ਪ੍ਰਤੀ ਮਜ਼ਦੂਰਾਂ ’ਚ ਭਾਰੀ ਉਤਸ਼ਾਹ : ਐਡਵੋਕੇਟ ਉੱਡਤ

30 ਦਸੰਬਰ ਦੀ ਵਿਸ਼ਾਲ ਰਾਜਸੀ ਰੈਲੀ ਪ੍ਰਤੀ ਮਜ਼ਦੂਰਾਂ ’ਚ ਭਾਰੀ ਉਤਸ਼ਾਹ : ਐਡਵੋਕੇਟ ਉੱਡਤ

ਮਾਨਸਾ : ਮੋਦੀ ਹਕੂਮਤ ਮਨਰੇਗਾ ਸਕੀਮ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ ਤੇ ਪੰਜਾਬ ਦੀ ਮਾਨ ਸਰਕਾਰ ਮੋਦੀ ਸਰਕਾਰ ਦੇ ਇਸ ਮਨਸੂਬੇ ਨੂੰ ਪੰਜਾਬ ਵਿੱਚ ਸਾਕਾਰ ਕਰਨ ਵਿੱਚ ਲੱਗੀ ਹੋਈ ਹੈ। ਇੱਥੋਂ ਥੋੜ੍ਹੀ ਦੂਰ ਸਥਿੱਤ ਪਿੰਡ ਕੋਟਧਰਮੂ ਵਿਖੇ ਮਜ਼ਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇ ਨਾਮ ’ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਕੀਤੇ ਗਏ ਕੰਮ ਦੇ ਪੈਸੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੇ ਮਨਰੇਗਾ ਮਜ਼ਦੂਰ ਜੱਥੇਬੰਦਕ ਤਾਕਤ ਦੇ ਬਲਬੂਤੇ ਮਨਰੇਗਾ ਸਕੀਮ ਦੀ ਰਖਵਾਲੀ ਕਰਦਿਆਂ ਇਸ ਸਕੀਮ ਨੂੰ ਵਿਸਥਾਰ ਕਰਨਗੇ ਤੇ ਸਮੇਂ ਦੇ ਹਾਕਮਾਂ ਨੂੰ ਮੂੰਹ ਦੀ ਖਾਣੀ ਪਵੇਗੀ। ਐਡਵੋਕੇਟ ਉੱਡਤ ਨੇ ਕਿਹਾ ਕਿ ਸੀਪੀਆਈ ਦੀ ਜਨਮ ਸ਼ਤਾਬਦੀ ਨੂੰ ਸਮੱਰਪਿਤ 30 ਦਸੰਬਰ ਦੀ ਵਿਸ਼ਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ। ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਲਈ ਪੰਜਾਬ ਦੀ ਮਾਨ ਸਰਕਾਰ ਨੂੰ ਮਜ਼ਬੂਰ ਕਰੇਗੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਸਾਥੀ ਦੇਸਰਾਜ ਸਿੰਘ ਕੋਟਧਰਮੂ ਨੇ ਕਿਹਾ ਕਿ 30 ਦਸੰਬਰ ਦੀ ਵਿਸ਼ਾਲ ਰਾਜਸੀ ਰੈਲੀ ਵਿੱਚ ਕੋਟਧਰਮੂ ਵਿੱਚੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ ਸ਼ਮੂਲੀਅਤ ਕਰਾਂਗੇ। ਇਸ ਮੌਕੇ ਸਾਥੀ ਗੁਰਜੰਟ ਕੋਟਧਰਮੂ, ਗੁਰਪਿਆਰ ਸਿੰਘ ਕੋਟਧਰਮੂ, ਚੇਤ ਸਿੰਘ ਕੋਟਧਰਮੂ, ਕਾਲਾ ਖਾਂ ਭੰਮੇ, ਵਜੀਰ ਸਿੰਘ ਕੋਟਧਰਮੂ, ਗੁਰਮੀਤ ਸਿੰਘ ਕੋਟਧਰਮੂ ਤੇ ਬਲਵਿੰਦਰ ਸਿੰਘ ਕੋਟਧਰਮੂ ਨੇ ਵੀ ਵਿਚਾਰ ਸਾਂਝੇ ਕੀਤੇ।