ਚੰਡੀਗੜ੍ਹ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ’ਚ ਨਾਅਰੇਬਾਜ਼ੀ

ਚੰਡੀਗੜ੍ਹ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ’ਚ ਨਾਅਰੇਬਾਜ਼ੀ

ਫਿਰੋਜ਼ਪੁਰ : ਟੈਕਨੀਕਲ ਸਰਵਿਸਜ਼ ਯੂਨੀਅਨ ਐਡਹਾਕ ਕਮੇਟੀ ਪੰਜਾਬ ਦੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਸਬ ਡਵੀਜ਼ਨ/ਡਵੀਜ਼ਨ ਪੱਧਰ ਤੇ ਦਿੱਤੀ ਕਾਲ ਦੇ ਰੋਸ ਵਜੋਂ ਸ਼ਹਿਰੀ ਮੰਡਲ ਫਿਰੋਜ਼ਪੁਰ ਦਫ਼ਤਰ ਦੇ ਗੇਟ ਤੇ ਸਿਟੀ ਡਵੀਜ਼ਨ ਪ੍ਰਧਾਨ ਰਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਰੋਸ ਕੀਤੀ ਗਈ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਬੋਰਡ, ਰਾਜਸਥਾਨ ਬਿਜਲੀ ਬੋਰਡ ਅਤੇ ਯੂਪੀ ਬਿਜਲੀ ਬੋਰਡ ਨੂੰ ਘਾਟੇ ਵਿੱਚ ਦਿਖਾ ਕੇ ਨਿੱਜੀਕਰਨ ਕਰਨ ਦੇ ਵਿਰੋਧ ਵਿੱਚ ਅਤੇ ਚੰਡੀਗੜ, ਰਾਜਸਥਾਨ ਅਤੇ ਯੂਪੀ ਮੁਲਾਜ਼ਮਾਂ ਦੇ ਸੰਘਰਸ਼ ਦੇ ਸਮਰਥਨ ਵਿਚ ਅੱਜ ਸਮੁੱਚੇ ਪੰਜਾਬ ਅੰਦਰ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਅੱਜ ਦੀ ਰੋਸ ਰੈਲੀ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੰਘਰਸ਼ ਤੋਂ ਡਰਦਿਆਂ ਚੰਡੀਗੜ੍ਹ ਬਿਜਲੀ ਬੋਰਡ ਦਾ ਨਿੱਜੀਕਰਨ ਇੱਕ ਮਹੀਨੇ ਅੱਗੇ ਪਾ ਦਿੱਤਾ, ਪਰ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਬੋਰਡ ਰਾਜਸਥਾਨ ਅਤੇ ਯੂਪੀ ਬਿਜਲੀ ਬੋਰਡ ਮੁਨਾਫ਼ੇ ਵਿਚ ਹੋਣ ਦੇ ਬਾਵਜੂਦ ਵੀ ਉਸ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਬਿਜਲੀ ਬਾਲਣ ਤੋਂ ਵਾਂਝੇ ਹੋ ਜਾਂਣਗੇ।ਜਾਪਦਾ ਇੰਝ ਹੈ ਕਿ ਮੈਨੇਜਮੈਂਟ ਅਤੇ ਕੇਂਦਰ ਸਰਕਾਰਾਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਆਗੂਆਂ ਵੱਲੋਂ ਦੱਸਿਆ ਗਿਆ ਕਿ ਠੇਕੇਦਾਰੀ ਮਾੜੇ ਸਿਸਟਮ ਕਰਕੇ ਲਗਾਤਾਰ ਹਾਦਸੇ ਵੱਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀ ਕੀਮਤੀ ਜਾਨ ਇਨ੍ਹਾਂ ਹਾਦਸਿਆਂ ਕਰਕੇ ਜਾ ਰਹੀ ਹੈ ਅਤੇ ਇਨ੍ਹਾਂ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸੇ ਤਰਜ ਤੇ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ । ਆਗੂਆਂ ਵਲੋਂ ਦੱਸਿਆ ਗਿਆ ਕਿ ਬਿਜਲੀ ਅਦਾਰਾ ਇੱਕ ਬੇਹੱਦ ਮਹੱਤਵਪੂਰਨ ਅਦਾਰਾ ਹੈ, ਪਰ ਸਰਕਾਰ ਵੱਲੋਂ ਇਸ ਅਦਾਰੇ ਵਿੱਚ ਕੰਮ ਕਰਦੇ ਕਾਮਿਆਂ ਦੀ ਸਾਰ ਨਹੀਂ ਲਈ ਜਾ ਰਹੀ। ਆਗੂਆਂ ਨੇ ਮੈਨੇਜਮੈਂਟ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਚੰਡੀਗੜ੍ਹ, ਰਾਜਸਥਾਨ ਤੇ ਯੁਪੀ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਣਾ ਚਾਹੀਦਾ ਹੈ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਅੱਜ ਦੀ ਰੋਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸਿਟੀ ਡਵੀਜ਼ਨ ਸਕੱਤਰ ਗੁਰਦੇਵ ਸਿੰਘ, ਕੁਲਵੰਤ ਸਿੰਘ ਸਬ ਅਰਬਨ ਡਵੀਜ਼ਨ ਮੀਤ ਪ੍ਰਧਾਨ, ਰੇਸ਼ਮ ਸਿੰਘ, ਮੰਗਲ ਸਿੰਘ, ਤਰਸੇਮ ਕੁਮਾਰ, ਰਜਿੰਦਰ ਸ਼ਰਮਾ ਸਕੱਤਰ ਸਬ ਅਰਬਨ ਡਵੀਜ਼ਨ, ਰਵੀ ਸ਼ਰਮਾ ਬਾਜੀਦਪੁਰ, ਰਾਜੇਸ ਕੁਮਾਰ, ਤੁਸ਼ਾਰ ਚਾਵਲਾ, ਸਾਥੀ ਆਸ਼ੀਸ਼ ਮਹਿਤਾ, ਮਨਜੀਤ ਸਿੰਘ ਸਰਕਲ ਮੀਤ ਪ੍ਰਧਾਨ, ਸਾਥੀ ਮੇਜਰ ਸਿੰਘ, ਸਰਕਲ ਪ੍ਰਧਾਨ ਜਗਤਾਰ ਸਿੰਘ ਨੇ ਸੰਬੋਧਨ ਕੀਤਾ ।