ਸੰਘ ਤੇ ਭਾਜਪਾ ਦੇ ਹਮਲਿਆਂ ਤੋਂ ਬਚਾਅ ਲਈ ਕਿਰਤੀਆਂ ਦੀ ਏਕਤਾ ਤੇ ਸੰਘਰਸ਼ ਸਮੇਂ ਦੀ ਲੋੜ : ਕਾਮਰੇਡ ਅਰਸ਼ੀ

ਸੰਘ ਤੇ ਭਾਜਪਾ ਦੇ ਹਮਲਿਆਂ ਤੋਂ ਬਚਾਅ ਲਈ ਕਿਰਤੀਆਂ ਦੀ ਏਕਤਾ ਤੇ ਸੰਘਰਸ਼ ਸਮੇਂ ਦੀ ਲੋੜ : ਕਾਮਰੇਡ ਅਰਸ਼ੀ

ਬੁਢਲਾਡਾ : ਪਿਛਲੇ ਲੰਬੇ ਸਮੇਂ ਤੋਂ ਸੰਘ ਵੱਲੋਂ ਆਪਣੀ ਸਿਆਸੀ ਧਿਰ ਭਾਜਪਾ ਦੀ ਅਗਵਾਈ ਹੇਠ ਕਾਰਪੋਰੇਟ ਘਰਾਣਿਆਂ ਤੇ ਜਾਤ, ਧਰਮ ਦਾ ਵਿਖੇੜਾ ਪੈਦਾ ਕਰ ਆਪਣੀ ਰਾਜਸੱਤਾ ਤੇ ਕਬਜ਼ਾ ਕੀਤਾ ਹੋਇਆ ਹੈ। ਲਗਾਤਾਰ ਘੱਟ ਗਿਣਤੀਆਂ ਦਲਿਤਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਆਪਣੇ ਫਿਰਕੂ ਏਜੰਡੇ ਵੱਲ ਵਧ ਰਹੇ ਹਨ। ਇਸ ਨੂੰ ਰੋਕਣ ਲਈ ਕਿਰਤੀਆਂ ਨੂੰ ਆਪਣੀ ਵਿਸ਼ਾਲ ਏਕਤਾ ਅਤੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡਾਂ ਦਾਤੇਵਾਸ ਅਤੇ ਸ਼ੇਰ ਖਾਂ ਵਾਲਾ ਵਿਖੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਕਮਿਊਨਿਸਟ ਆਗੂ ਨੇ ਖ਼ਬਰਦਾਰ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਦੀ ਸੰਵਿਧਾਨ ਨਿਰਮਾਤਾ ਡਾ, ਬੀ ਆਰ ਅੰਬੇਡਕਰ ਤੇ ਟਿੱਪਣੀ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਨਫ਼ਰਤ ਤੇ ਗੈਰ ਸੰਵੇਦਨਸ਼ੀਲ ਸਾਫ਼ ਵਿਖਾਈ ਦਿੰਦੀ ਹੈ। ਉਨ੍ਹਾਂ ਕਿਰਤੀਆਂ ਅਤੇ ਮਿਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ ਤੇ ਆਮ ਲੋਕਾਂ ਦੀ ਧਿਰ ਸੀਪੀਆਈ ਦੀ ਮਜ਼ਬੂਤੀ ਦੀ ਅਪੀਲ ਕਰਦੇ ਹੋਏ ਕਿਹਾ ਕਿ 30 ਦਸੰਬਰ ਨੂੰ ਮਾਨਸਾ ਵਿਖੇ ਹੋਣ ਵਾਲੀ ਵਿਸ਼ਾਲ ਰਾਜਸੀ ਰੈਲੀ ਕਾਮਯਾਬੀ ਤੇ ਸਫ਼ਲਤਾ ਲਈ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਏਕਤਾ ਅਤੇ ਅਖੰਡਤਾ ਸਾਂਝੀਵਾਲਤਾ ਲਈ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਦੇਸ਼ ਅਤੇ ਸੂਬੇ ਦੇ ਆਗੂ ਰੈਲੀ ਮੌਕੇ ਖੁਲ੍ਹ ਕੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਮੌਕੇ ਰੈਲੀ ਦੀ ਤਿਆਰੀ ਤੇ ਸਫ਼ਲਤਾ ਲਈ ਜ਼ਿਲ੍ਹਾ ਸਹਾਇਕ ਸਕੱਤਰ ਸੀਤਾਰਾਮ ਗੋਬਿੰਦਪੁਰਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕਿਰਤੀਆਂ ਦੀ ਰੈਲੀ ਵਿਚ ਸ਼ਮੁਲੀਅਤ ਹੋਵੇਗੀ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਭਗਵਾਨ ਦਾਤੇਵਾਸ, ਜੱਗਾ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਦਾਤੇਵਾਸ ਆਦਿ ਆਗੂਆਂ ਨੇ ਸੰਬੋਧਨ ਕੀਤਾ।