ਮਾਘੀ ਕਾਨਫਰੰਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਵਿਚਾਰਾਂ

ਮਾਘੀ ਕਾਨਫਰੰਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਵਿਚਾਰਾਂ

 ਮਖੂ: ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਜ਼ੀਰਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਹੀਰੋ ਫ਼ਾਰਮ ਮਖੂ ਵਿਖੇ ਹੋਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਹਲਕਾ ਜ਼ੀਰਾ ਨਾਲ ਸਬੰਧਤ ਅਕਾਲੀ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਅਤੇ ਵੱਖ ਵੱਖ ਅਕਾਲੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਵੱਲੋਂ ਕੂੜ ਪ੍ਰਚਾਰ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਜਿਸ ਤਹਿਤ ਪੰਜਾਬ ਦੀ ਅਸਲ ਹਮਦਰਦ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਖਿਲਾਫ ਅਨੇਕਾਂ ਤਰ੍ਹਾਂ ਦੇ ਇਲਜ਼ਾਮਾਂ ਰਾਹੀਂ ਬਦਨਾਮ ਕੀਤਾ ਜਾ ਰਿਹਾ ਹੈ। ਪ੍ਰੰਤੂ ਪੰਜਾਬ ਦੀ ਸਮਝਦਾਰ ਜਨਤਾ ਅਸਲੀਅਤ ਨੂੰ ਸਮਝਦੇ ਹੋਏ ਵਿਰੋਧੀਆਂ ਦੀਆਂ ਚਾਲਾਂ ਨੂੰ ਬੇਨਿਕਾਬ ਕਰ ਦੇਵੇਗੀ। ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਜਾਣੇਂ ਅਣਜਾਣੇ ਵਿੱਚ ਹੋਈਆਂ ਸਾਰੀਆਂ ਗਲਤੀਆਂ ਨੂੰ ਆਪਣੀ ਝੋਲੀ ਵਿੱਚ ਪੁਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਨੂੰ ਨਿਮਾਣੇ ਸਿੱਖ ਵਜੋਂ ਨਿਭਾਇਆ ਗਿਆ ਅਤੇ ਖਿਮਾ ਯਾਚਨਾ ਕਰਦੇ ਹੋਏ ਭੁੱਲ ਬਖਸ਼ਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਮਾਘੀ ਮੇਲੇ ਮੌਕੇ ਮੁਕਤਸਰ ਵਿਖੇ ਹੋ ਰਹੀ ਕਾਨਫਰੰਸ ਵਿੱਚ ਵਰਕਰਾਂ ਦੀ ਸਹਾਇਤਾ ਨਾਲ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੇ। ਇਸ ਮੌਕੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਨਛੱਤਰ ਸਿੰਘ ਮੱਲਾਂਵਾਲਾ, ਚਿੱਤਬੀਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਫਿਰੋਜ਼ਪੁਰ, ਸਰਕਲ ਪ੍ਰਧਾਨ ਜਸਵੰਤ ਸਿੰਘ ਸੋਭਾ, ਸਾਬਕਾ ਸਰਪੰਚ ਲਛਮਣ ਸਿੰਘ ਅਮੀਵਾਲਾ, ਸਾਬਕਾ ਸਰਪੰਚ ਜਸਪਾਲ ਸਿੰਘ ਤਲਵੰਡੀ ਨਿਪਾਲਾਂ, ਰਵਿੰਦਰ ਸਿੰਘ ਲਾਡੀ ਨੂਰਪੁਰ, ਖੜਕ ਸਿੰਘ ਜੋਗੇਵਾਲਾ ਸਾਬਕਾ ਸਰਪੰਚ, ਸਰਬਜੀਤ ਸਿੰਘ ਬੂਹ ਸਾਬਕਾ ਸਰਪੰਚ, ਤਰਸੇਮ ਸਿੰਘ ਮਰਹਾਣਾ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।