ਖਸਤਾ ਹਾਲਤ ਸੜਕ ਦੀ ਮੁਰੰਮਤ ਕਰਨ ਦੀ ਮੰਗ

ਖਸਤਾ ਹਾਲਤ ਸੜਕ ਦੀ ਮੁਰੰਮਤ ਕਰਨ ਦੀ ਮੰਗ

ਬਰਨਾਲਾ : ਪਿੰਡ ਸੇਖਾ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਪਿੰਡ ਵਿਚਕਾਰ ਬਣੀ ਖਸਤਾ ਹਾਲਤ ਸੜਕ ’ਤੇ ਫ਼ਿਰਨੀ ਦੀ ਮਾੜੀ ਹਾਲਤ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਰੋਸ ਵਜੋਂ ਪਿੰਡ ਵਾਸੀਆਂ ਨੇ ਇਸ ਸੜਕ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ। - ਟੁੱਟੀ ਸੜਕ ’ਚ ਖੜ੍ਹ ਰਿਹੈ ਨਾਲੀਆਂ ਦਾ ਗੰਦਾ ਪਾਣੀ, ਪਿੰਡ ਵਾਸੀ ਪਰੇਸ਼ਾਨ ਇਸ ਮੌਕੇ ਪ੍ਰਿਤਪਾਲ ਸਿੰਘ ਉਰਫ਼ ਪ੍ਰਿਥੀ, ਨੰਬਰਦਾਰ ਮਿੰਟੂ, ਡਾ. ਅਮਨਦੀਪ ਸਿੰਘ, ਹਰਪਾਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਵਿਚਕਾਰ ਦੀ ਜਾਂਦੀ ਸੜਕ ਦੀ ਬਹੁਤ ਜਿਆਦਾ ਮਾੜੀ ਹਾਲਤ ਹੋ ਚੁੱਕੀ ਹੈ। ਸੜਕ ਥਾਂ-ਥਾ ਤੋਂ ਟੁੱਟ ਚੁੱਕੀ ਹੈ ਤੇ ਨਾਲੀਆਂ ਦਾ ਪਾਣੀ ਓਵਰਫ਼ਲੋ ਹੋ ਕੇ ਸੜਕ ’ਤੇ ਜਮ੍ਹਾਂ ਹੋ ਜਾਂਦਾ ਹੈ। ਇਸ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਕਈ ਗਲੀਆਂ ਨੀਵੀਆਂ ਹੋਣ ਕਰਕੇ ਉੱਥੇ ਇੰਟਰਲਾਕ ਟਾਇਲਾਂ ਨਹੀਂ ਪਈਆਂ ਹਨ ਤੇ ਗੰਦਾ ਪਾਣੀ ਹਰ ਸਮੇਂ ਉੱਥੇ ਖੜ੍ਹਾ ਰਹਿੰਦਾ ਹੈ। ਪਿੰਡ ਦੇ ਇਸ ਰਸਤੇ ਦੀ ਮੁਰੰਮਤ ਲਈ ਭਾਵੇਂ ਸਰਕਾਰ ਤੇ ਸਬੰਧਿਤ ਮਹਿਕਮੇ ਵੱਲੋਂ ਐਸਟੀਮੈਂਟ ਤਿਆਰ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਦੀ ਮੁਰੰਮਤ ਲਈ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ। ਇਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਜਿਆਦਾਂ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ’ਚ ਪਾਣੀ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਮੱਛਰਾਂ ਦੀ ਭਰਮਾਰ ਰਹਿੰਦੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਸੇਖਾ ਦੇ ਮੁੱਖ ਰਸਤਿਆਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ।